ਆਸਾ ਰਾਮ ਨੂੰ ਹਾਈ ਕੋਰਟ ਤੋਂ ਝਟਕਾ, ਵਿਸ਼ੇਸ਼ ਅਪੀਲ ਰੱਦ

02/21/2019 6:03:06 AM

ਨੈਨੀਤਾਲ, (ਯੂ. ਐੱਨ. ਆਈ.)– ਜਬਰ-ਜ਼ਨਾਹ ਦੇ ਮਾਮਲੇ ਵਿਚ ਜੇਲ ਵਿਚ ਬੰਦ ਆਸਾ ਰਾਮ ਬਾਪੂ ਨੂੰ ਉੱਤਰਾਖੰਡ ਹਾਈ ਕੋਰਟ ਤੋਂ ਬੁੱਧਵਾਰ ਉਸ ਸਮੇਂ ਦੂਜਾ ਵੱਡਾ ਝਟਕਾ ਲੱਗਾ, ਜਦੋਂ ਅਦਾਲਤ ਨੇ ਰਿਸ਼ੀਕੇਸ਼ ਸਥਿਤ ਆਸਾ ਰਾਮ ਦੇ ਆਸ਼ਰਮ ਨੂੰ ਖਾਲੀ ਕਰਵਾਉਣ ਲਈ ਜੰਗਲਾਤ ਵਿਭਾਗ ਦੇ ਹੁਕਮ ਨੂੰ ਜਾਇਜ਼ ਠਹਿਰਾ ਦਿੱਤਾ। ਚੀਫ ਜਸਟਿਸ ਰਮੇਸ਼ ਰਗਨਾਥਨ ਅਤੇ ਜਸਟਿਸ ਆਰ. ਸੀ. ਖੁਲਬੇ ’ਤੇ ਆਧਾਰਿਤ ਬੈਂਚ ਨੇ ਆਸਾ ਰਾਮ ਦੇ ਆਸ਼ਰਮ ਵਲੋਂ ਦਾਇਰ ਵਿਸ਼ੇਸ਼ ਅਪੀਲ ਨੂੰ ਵੀ ਰੱਦ ਕਰ ਦਿੱਤਾ। ਵਕੀਲ ਕਾਰਤੀਕੇਯ ਨੇ ਦੱਸਿਆ ਕਿ ਆਸਾ ਰਾਮ ਨੂੰ ਹਾਈ ਕੋਰਟ ਤੋਂ ਇਸ ਤੋਂ ਪਹਿਲਾਂ ਵੀ ਝਟਕਾ ਲੱਗ ਚੁੱਕਾ ਹੈ। 4 ਦਸੰਬਰ 2018 ਨੂੰ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਸਬੰਧੀ ਜਾਰੀ ਸਟੇਅ ਆਰਡਰ ਨੂੰ ਵਾਪਸ ਲੈ ਲਿਆ ਸੀ ਅਤੇ ਰਿਸ਼ੀਕੇਸ਼ ਨੇੜੇ ‘ਮੁਨੀ ਦੀ ਰੇਤੀ’ ਸਥਿਤ ਬ੍ਰਹਮਪੁਰੀ ਨਿਰਗੜ੍ਹ ਵਿਖੇ ਆਸਾ ਰਾਮ ਦੇ ਆਸ਼ਰਮ ਨੂੰ ਖਾਲੀ ਕਰਵਾਉਣ ਲਈ ਜੰਗਲਾਤ ਵਿਭਾਗ ਦੇ ਕਦਮ ਨੂੰ ਢੁੱਕਵਾਂ ਠਹਿਰਾਇਆ ਸੀ।
 


Bharat Thapa

Content Editor

Related News