ਆਯੁਸ਼ਮਾਨ ਭਾਰਤ ਯੋਜਨਾ ਵੱਡਾ ਘਪਲਾ : ਕੇਜਰੀਵਾਲ

Wednesday, Oct 30, 2024 - 11:13 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਨੂੰ ਵੱਡਾ ਘਪਲਾ ਕਰਾਰ ਦਿੰਦਿਆਂ ਦਿੱਲੀ ਦੇ ਬਿਹਤਰੀਨ ਸਿਹਤ ਮਾਡਲ ਨੂੰ ਪੂਰੇ ਦੇਸ਼ ’ਚ ਲਾਗੂ ਕਰਨ ਦੀ ਸਲਾਹ ਦਿੱਤੀ।

ਕੇਜਰੀਵਾਲ ਨੇ ਕਿਹਾ ਕਿ ‘ਆਯੁਸ਼ਮਾਨ ਭਾਰਤ ਯੋਜਨਾ’ ਬਾਰੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ (ਕੈਗ) ਦਾ ਕਹਿਣਾ ਹੈ ਕਿ ਇਸ ’ਚ ਬਹੁਤ ਸਾਰੇ ਘਪਲੇ ਹਨ। ਆਯੁਸ਼ਮਾਨ ਭਾਰਤ ਯੋਜਨਾ ਅਧੀਨ ਜਦੋਂ ਤੁਸੀਂ ਹਸਪਤਾਲ ’ਚ ਦਾਖਲ ਹੁੰਦੇ ਹੋ ਤਾਂ ਤੁਹਾਡਾ 5 ਲੱਖ ਰੁਪਏ ਤਕ ਦਾ ਇਲਾਜ ਹੋਵੇਗਾ ਜਦੋਂ ਕਿ ਦਿੱਲੀ ’ਚ ਸਾਡੀ ਯੋਜਨਾ ਅਧੀਨ ਜੇ ਤੁਹਾਨੂੰ ਜ਼ੁਕਾਮ ਵੀ ਹੈ ਤਾਂ ਤੁਸੀਂ ਓ. ਪੀ. ਡੀ. ’ਚ ਜਾ ਕੇ ਮੁਫ਼ਤ ’ਚ ਜਾਂਚ ਕਰਵਾ ਸਕਦੇ ਹੋ। ਤੁਸੀਂ ਦਾਖਲ ਹੋ ਜਾਂ ਨਹੀਂ, ਤੁਹਾਡਾ ਸਾਰਾ ਇਲਾਜ ਮੁਫਤ ਹੈ। ਇੱਥੇ 5 ਲੱਖ ਰੁਪਏ ਦੀ ਕੋਈ ਹੱਦ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਦੋਂ ਸਾਡੇ ਮਾਡਲ ਅਧੀਨ ਇੱਥੇ ਦਵਾਈਆਂ, ਟੈਸਟ, ਓ. ਪੀ. ਡੀ., ਆਈ. ਪੀ. ਡੀ., ਨਿਯਮਿਤ ਜਾਂਚ ਤੋਂ ਲੈ ਕੇ ਸਭ ਕੁਝ ਮੁਫਤ ਹੈ ਤਾਂ ਦਿੱਲੀ ’ਚ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਦਾ ਕੋਈ ਮਤਲਬ ਹੀ ਨਹੀਂ।

‘ਆਪ’ ਦੀ ਮੁੱਖ ਬੁਲਾਰਨ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਅਜਿਹਾ ਸਿਹਤ ਮਾਡਲ ਪੇਸ਼ ਕੀਤਾ ਹੈ, ਜਿਸ ਦੀ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਕੋਫੀ ਅੰਨਾਨ ਨੇ ਵੀ ਤਾਰੀਫ ਕੀਤੀ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਹਮਣੇ ਅਜਿਹਾ ਆਯੁਸ਼ਮਾਨ ਭਾਰਤ ਘਪਲਾ ਪੇਸ਼ ਕੀਤਾ ਹੈ ਕਿ ਕੈਗ ਨੂੰ ਵੀ ਇਸ ਬਾਰੇ ਬੋਲਣਾ ਪਿਆ।


Rakesh

Content Editor

Related News