ਅਰੁਣ ਜੇਤਲੀ ਅਤੇ ਸੂਰਜੇਵਾਲਾ ''ਚ ਜ਼ੁਬਾਨੀ ਜੰਗ

Friday, Jun 15, 2018 - 10:26 AM (IST)

ਅਰੁਣ ਜੇਤਲੀ ਅਤੇ ਸੂਰਜੇਵਾਲਾ ''ਚ ਜ਼ੁਬਾਨੀ ਜੰਗ

ਨਵੀਂ ਦਿੱਲੀ— ਰਾਹੁਲ ਗਾਂਧੀ ਨੂੰ ਲੈ ਕੇ  ਕੇਂਦਰੀ  ਮੰਤਰੀ ਅਰੁਣ ਜੇਤਲੀ ਅਤੇ ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲਾ ਦਰਮਿਆਨ ਜ਼ੁਬਾਨੀ ਜੰਗ ਛਿੜੀ ਹੋਈ ਹੈ। ਬੁੱਧਵਾਰ ਨੂੰ ਜੇਤਲੀ ਵਲੋਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹੇ ਜਾਣ ਪਿੱਛੋਂ ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲਾ ਨੇ ਵੀਰਵਾਰ ਜਵਾਬੀ ਹਮਲਾ ਕੀਤਾ। ਇਸ ਪਿੱਛੋਂ ਦੋਵਾਂ ਆਗੂਆਂ ਦਰਮਿਆਨ 'ਸਿਆਸੀ ਵਿਚਾਰ-ਵਟਾਂਦਰੇ' ਨੂੰ ਲੈ ਕੇ ਬਹਿਸ ਵੇਖਣ ਨੂੰ ਮਿਲੀ। ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਾਸਮਝੀ ਲਈ ਰਾਹੁਲ ਗਾਂਧੀ ਦੀ ਸਮਝ 'ਤੇ ਸਵਾਲ ਉਠਾਇਆ ਸੀ ਅਤੇ ਕਿਹਾ ਸੀ ਕਿ ਇਹ ਤਾਂ ਤਜਰਬਿਆਂ ਨਾਲ ਹੀ ਆਉਂਦੀ ਹੈ, ਵਿਰਾਸਤ ਵਿਚ ਨਹੀਂ ਮਿਲਦੀ। ਇਸ 'ਤੇ ਸੂਰਜੇਵਾਲਾ ਨੇ ਜਵਾਬੀ ਹਮਲਾ ਕੀਤਾ ਅਤੇ ਦਾਅਵਾ ਕੀਤਾ ਕਿ ਬਿਨਾਂ ਵਿਭਾਗ ਦੇ ਮੰਤਰੀ ਜੇਤਲੀ ਸਿਆਸੀ ਪ੍ਰਪੱਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 
ਸੂਰਜੇਵਾਲਾ ਦੇ ਇਸ ਬਿਆਨ ਪਿੱਛੋਂ ਜੇਤਲੀ ਨੇ ਟਵੀਟ ਕਰ ਕੇ ਕਿਹਾ,''ਰਣਦੀਪ ਸੂਰਜੇਵਾਲਾ, ਇਹ ਸਿਆਸੀ ਵਿਚਾਰ-ਵਟਾਂਦਰਾ ਹੈ। ਅਸ਼ੋਭਨੀਕ ਗੱਲਾਂ ਕਰਨੀਆਂ ਜਵਾਬ ਦੇਣਾ ਨਹੀਂ ਹੈ। ਤੱਥਾਂ ਨਾਲ ਜਵਾਬ ਦੇਣਾ ਚਾਹੀਦਾ ਹੈ।''
ਇਸ 'ਤੇ ਕਾਂਗਰਸ ਦੇ ਮੁੱਖ ਬੁਲਾਰੇ ਨੇ ਵੀਰਵਾਰ ਕਿਹਾ,''ਜੇਤਲੀ ਜੀ ਜਦੋਂ ਤੁਸੀਂ ਤੱਥਾਂ ਨੂੰ ਤੋੜ-ਮਰੋੜ ਕੇ ਕਾਂਗਰਸ ਲੀਡਰਸ਼ਿਪ, ਇਥੋਂ ਤੱਕ ਕਿ ਸੁਪਰੀਮ ਕੋਰਟ ਅਤੇ ਕਈ ਹੋਰ ਲੋਕਾਂ ਬਾਰੇ ਬੁਰਾ-ਭਲਾ ਕਹਿੰਦੇ ਹੋ ਤਾਂ ਕੀ ਉਹ ਸਿਆਸੀ ਵਿਚਾਰ-ਵਟਾਂਦਰਾ ਹੁੰਦਾ ਹੈ?''


Related News