ਹਿਮਾਚਲ: ਅਰੁਣ ਧੂਮਲ ਬਣੇ ਐੱਚ. ਪੀ. ਸੀ. ਏ. ਦੇ ਨਵੇਂ ਪ੍ਰਧਾਨ

09/27/2019 4:52:59 PM

ਧਰਮਸ਼ਾਲਾ—ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਦੇ ਭਰਾ ਅਰੁਣ ਧੂਮਲ ਨੂੰ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ (ਐੱਚ. ਪੀ. ਸੀ. ਏ) ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਅੱਜ ਧਰਮਸ਼ਾਲਾ 'ਚ ਐੱਚ. ਪੀ. ਸੀ. ਏ ਦੀ ਸਾਲਾਨਾ ਜਨਰਲ ਮੀਟਿੰਗ ਹੋਈ ਅਤੇ ਇਸ 'ਚ ਸਰਵ ਸੰਮਤੀ ਨਾਲ ਉਨ੍ਹਾਂ ਦੀ ਚੋਣ ਹੋਈ ਹੈ। ਦੱਸ ਦੇਈਏ ਕਿ ਅਰੁਣ ਧੂਮਲ ਦਾ ਪ੍ਰਧਾਨ ਬਣਨਾ ਪਹਿਲਾਂ ਤੋਂ ਹੀ ਤੈਅ ਸੀ, ਕਿਉਂਕਿ ਉਨ੍ਹਾਂ ਦੇ ਖਿਲਾਫ ਚੋਣ ਲੜਨ ਲਈ ਕੋਈ ਨਾਮਜ਼ਦਗੀ ਨਹੀਂ ਆਈ ਸੀ। ਅਜਿਹੇ 'ਚ ਸਿੰਗਲ ਕੈਡੀਡੇਟ ਹੋਣ ਦੇ ਚੱਲਦਿਆਂ ਉਨ੍ਹਾਂ ਨੂੰ ਸਰਵ- ਸੰਮਤੀ ਨਾਲ ਚੁਣਿਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਧਰਮਸ਼ਾਲਾ ਕ੍ਰਿਕੇਟ ਸਟੇਡੀਅਮ ਦੇ ਹੋਟਲ 'ਦ ਪਵੇਲੀਅਨ' 'ਚ ਏ. ਜੀ. ਐੱਮ. ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਅਰੁਣ ਧੂਮਲ ਤੋਂ ਇਲਾਵਾ ਰਵਿੰਦਰ ਪਾਲ ਸਿੰਘ ਨੂੰ ਉਪ-ਪ੍ਰਧਾਨ ਚੁਣਿਆ ਗਿਆ, ਜੋ ਕਿ ਕੁੱਲੂ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਊਨਾ ਦੇ ਰਹਿਣ ਵਾਲੇ ਸੁਮਿਤ ਕੁਮਾਰ ਨੂੰ ਸਕੱਤਰ ,ਸ਼ਿਮਲਾ ਤੋਂ ਅਮਿਤਾਭ ਸ਼ਰਮਾ ਨੂੰ ਸਹਿ-ਸਕੱਤਰ ਅਤੇ ਹਮੀਰਪੁਰ ਨਾਦੌਨ ਦੇ ਅਵਨੀਸ਼ ਪਰਮਾਰ ਐੱਚ. ਪੀ. ਸੀ. ਏ ਦਾ ਨਵਾਂ ਖਜ਼ਾਨਚੀ ਚੁਣੇ ਗਏ। ਐੱਚ. ਪੀ. ਸੀ. ਏ ਦੇ ਨਵੇਂ ਨਿਯਮਾਂ ਮੁਤਾਬਕ 76 ਮੈਂਬਰਾਂ ਨੂੰ ਵੋਟ ਦਾ ਅਧਿਕਾਰ ਸੀ, ਇਸ 'ਚ 52 ਵੋਟਰਾਂ ਦੀ ਸੂਚੀ ਸਮੇਤ 10 ਜ਼ਿਲਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ, 2 ਜ਼ਿਲਿਆਂ ਦੇ ਚੇਅਰਮੈਨ ਅਤੇ ਕਨਵੀਨਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਸੀ।

ਦੱਸਣਯੋਗ ਹੈ ਕਿ ਅੱਜ ਭਾਵ ਸ਼ੁੱਕਰਵਾਰ ਨੂੰ ਹੋਏ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਦੇ ਚੋਣਾਂ ਤੋਂ ਤੈਅ ਹੋ ਗਿਆ ਹੈ ਕਿ ਹਿਮਾਚਲ ਦੀ ਕ੍ਰਿਕੇਟ ਦੀ ਸਿਆਸੀ ਪਿਚ 'ਤੇ ਇੱਕ ਹੀ ਪਰਿਵਾਰ ਦਾ ਦਬਦਬਾ ਰਹੇਗਾ, ਕਿਉਂਕਿ ਕਈ ਦਹਾਕਿਆਂ ਤੋਂ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਐਚ. ਪੀ. ਸੀ. ਏ 'ਤੇ ਦਬਦਬਾ ਹੈ। ਅਰੁਣ ਧੂਮਲ ਦੇ ਪ੍ਰਧਾਨ ਬਣਨ 'ਤੇ ਹੁਣ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ 'ਤੇ ਫਿਰ ਧੂਮਲ ਪਰਿਵਾਰ ਦਾ ਕਬਜ਼ਾ ਹੋ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਰਾਜ ਵਿੱਤ ਮੰਤਰੀ ਅਨੁਰਾਗ ਠਾਕੁਰ ਡੇਢ ਦਹਾਕੇ ਤੱਕ ਐੱਚ. ਪੀ. ਸੀ. ਏ ਦੇ ਪ੍ਰਧਾਨ ਬਣੇ ਰਹੇ। ਐੱਚ. ਪੀ. ਸੀ. ਏ ਦਾ ਗਠਨ ਸਾਲ 1960 'ਚ ਹੋਇਆ ਸੀ। ਸਤੰਬਰ 1984 'ਚ ਬੀ. ਸੀ. ਸੀ. ਆਈ. ਤੋਂ ਇਸ ਨੂੰ ਮਾਨਤਾ ਮਿਲੀ ਸੀ। 2 ਜੁਲਾਈ 2000 'ਚ ਅਨੁਰਾਗ ਠਾਕੁਰ ਨੇ ਐੱਚ. ਪੀ. ਸੀ. ਏ ਦੇ ਚੌਥੇ ਪ੍ਰਧਾਨ ਦੇ ਰੂਪ 'ਚ ਕਮਾਨ ਸੰਭਾਲੀ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਹੋਣ ਤੋਂ ਬਾਅਦ ਅਨੁਰਾਗ ਠਾਕੁਰ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਣਾ ਪਿਆ ਸੀ। ਸਾਲ 2017 ਤੋਂ ਬਾਅਦ ਐੱਚ. ਪੀ. ਸੀ. ਏ ਨੂੰ ਅੰਤਰਿਮ ਕਮੇਟੀ ਸੰਚਾਲਿਤ ਕਰ ਰਹੀ ਸੀ।


Iqbalkaur

Content Editor

Related News