ਜੈਵੀਰ ਸ਼ੇਰਗਿੱਲ ਨੇ BJP ਪ੍ਰਧਾਨ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੌਜੂਦਾ ਹਾਲਾਤਾਂ ''ਤੇ ਜਤਾਈ ਚਿੰਤਾ
Sunday, Feb 08, 2026 - 04:33 PM (IST)
ਨਵੀਂ ਦਿੱਲੀ : ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਾਰਟੀ ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਵਿਚਾਲੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਅਹਿਮ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਹੋਈ।
ਮੁਲਾਕਾਤ ਦੌਰਾਨ ਸ਼ੇਰਗਿੱਲ ਨੇ ਪੰਜਾਬ ਵਿੱਚ ਤੇਜ਼ੀ ਨਾਲ ਵਿਗੜ ਰਹੀ ਕਾਨੂੰਨ-ਵਿਵਸਥਾ 'ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਸੂਬੇ ਵਿੱਚ ਵਧ ਰਹੇ ਅਪਰਾਧ, ਨਸ਼ੇ ਦੀ ਭਿਆਨਕ ਸਮੱਸਿਆ, ਸਿਰ ਚੜ੍ਹੇ ਕਰਜ਼ੇ ਦੇ ਬੋਝ ਅਤੇ ਨੌਜਵਾਨਾਂ ਵਿੱਚ ਫੈਲੀ ਬੇਰੁਜ਼ਗਾਰੀ ਵਰਗੇ ਮੁੱਦਿਆਂ ਤੋਂ ਰਾਸ਼ਟਰੀ ਪ੍ਰਧਾਨ ਨੂੰ ਜਾਣੂ ਕਰਵਾਇਆ।
ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੇ ਹਰ ਭਾਜਪਾ ਵਰਕਰ ਦਾ ਸੰਕਲਪ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਮੌਜੂਦਾ ਅਰਾਜਕਤਾ ਅਤੇ ਨਸ਼ਿਆਂ ਦੇ ਹਨੇਰੇ ਵਿੱਚੋਂ ਸਿਰਫ਼ ਮੋਦੀ ਸਰਕਾਰ ਦੀ 'ਡਬਲ ਇੰਜਣ' ਨੀਤੀ ਹੀ ਬਾਹਰ ਕੱਢ ਸਕਦੀ ਹੈ।
ਜੈਵੀਰ ਸ਼ੇਰਗਿੱਲ ਨੇ ਨਿਤਿਨ ਨਬੀਨ ਨੂੰ ਜਲਦੀ ਪੰਜਾਬ ਦੌਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਭਾਜਪਾ ਵਰਕਰ ਉਨ੍ਹਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਰਾਸ਼ਟਰੀ ਪ੍ਰਧਾਨ ਦੇ ਆਉਣ ਨਾਲ ਸੂਬੇ ਵਿੱਚ ਜਥੇਬੰਦੀ ਨੂੰ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ।
