ਚੀਨ-ਪਾਕਿ ਨੂੰ ਸਬਕ ਸਿਖਾਉਣ ਲਈ ਫੌਜ ਨੇ ਮੰਗੇ 27 ਲੱਖ ਕਰੋੜ ਰੁਪਏ
Monday, Jul 17, 2017 - 01:24 AM (IST)
ਨਵੀਂ ਦਿੱਲੀ— ਜੰਮੂ-ਕਸ਼ਮੀਰ ਵਿਚ ਪਾਕਿਸਤਾਨ ਦੀਆਂ ਹਰ ਰੋਜ਼ ਨਾਪਾਕ ਹਰਕਤਾਂ ਤੇ ਸਿੱਕਮ ਸਰਹੱਦ 'ਤੇ ਚੀਨ ਦੀ ਘਟੀਆ ਕਾਰਵਾਈ ਜਾਰੀ ਹੈ। ਅਜਿਹੇ ਖਤਰਨਾਕ ਮਨਸੂਬੇ ਪਾਲਣ ਵਾਲੇ ਗੁਆਂਢੀ ਦੇਸ਼ਾਂ ਚੀਨ-ਪਾਕਿਸਤਾਨ ਨਾਲ ਨਜਿੱਠਣ ਲਈ ਫੌਜ ਦਾ ਆਧੁਨਿਕੀਕਰਨ ਜ਼ਰੂਰੀ ਹੈ। ਇਸ ਲਈ ਹਥਿਆਰਬੰਦ ਬਲਾਂ ਨੇ ਅਗਲੇ 5 ਸਾਲ ਲਈ ਲਗਭਗ 27 ਲੱਖ ਕਰੋੜ ਰੁਪਏ ਅਲਾਟ ਕਰਨ ਦੀ ਮੰਗ ਕੀਤੀ ਹੈ। ਰੱਖਿਆ ਮੰਤਰੀ ਨੇ ਇਸ 'ਤੇ ਅਮਲ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ 10-11 ਜੁਲਾਈ ਨੂੰ ਡੀ. ਆਰ. ਡੀ. ਓ. ਸਮੇਤ ਸਾਰੇ ਹਿਤ ਧਾਰਕਾਂ ਨਾਲ ਹੋਈ ਬੈਠਕ ਮਗਰੋਂ ਯੂਨੀਫਾਈਡ ਕਮਾਂਡਰਜ਼ ਕਾਨਫਰੰਸ ਵਿਚ ਅਗਲੇ 5 ਸਾਲ ਲਈ 13ਵੀਂ ਸੰਯੁਕਤ ਸੁਰੱਖਿਆ ਯੋਜਨਾ ਪੇਸ਼ ਕੀਤੀ ਗਈ। ਦਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਬਲਾਂ ਨੇ ਇਸ ਯੋਜਨਾ ਨੂੰ ਜਲਦੀ ਤੋਂ ਜਲਦੀ ਮਨਜ਼ੂਰੀ ਦੇਣ 'ਤੇ ਜ਼ੋਰ ਦਿੱਤਾ ਹੈ।
ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਫੌਜੀ ਆਧੁਨਿਕਤਾ ਲਈ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਜੇਤਲੀ ਨੇ ਕਿਹਾ ਕਿ ਫੌਜ ਨੂੰ ਆਧੁਨਿਕ ਬਣਾਉਣਾ ਸਾਡੀ ਪਹਿਲਕਦਮੀ ਹੈ। ਇਸ ਲਈ ਸੋਮਿਆਂ 'ਤੇ ਖਰਚ ਵਧਾਇਆ ਜਾ ਸਕਦਾ ਹੈ।
