ਅਮਰੀਕਾ ਭੇਜਣ ਦੇ ਨਾਂ ’ਤੇ 51 ਲੱਖ ਦੀ ਠੱਗੀ

Saturday, Apr 04, 2026 - 02:58 PM (IST)

ਅਮਰੀਕਾ ਭੇਜਣ ਦੇ ਨਾਂ ’ਤੇ 51 ਲੱਖ ਦੀ ਠੱਗੀ

ਫਿਰੋਜ਼ਪੁਰ (ਪਰਮਜੀਤ ਸੋਢੀ) : ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਏਜੰਟਾਂ ਦਾ ਜਾਲ ਲਗਾਤਾਰ ਵੱਧਦਾ ਜਾ ਰਿਹਾ ਹੈ। ਮਮਦੋਟ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੂੰ ਅਮਰੀਕਾ 'ਚ ਪੱਕੀ ਨੌਕਰੀ ਅਤੇ ਕਾਨੂੰਨੀ ਤਰੀਕੇ ਨਾਲ ਭੇਜਣ ਦਾ ਝਾਂਸਾ ਦੇ ਕੇ 51 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਸਤਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਨੇ ਦੱਸਿਆ ਕਿ ਕਥਿਤ ਦੋਸ਼ੀਅਨ ਲਖਵਿੰਦਰ ਸਿੰਘ ਰਾਜਪੂਤ ਵਾਸੀ ਜੀਵਨਪੁਰਾ, ਮਾਛੀਵਾੜਾ, ਲੁਧਿਆਣਾ, ਜਗਦੀਸ਼ ਸਿੰਘ ਉਰਫ਼ ਮਿੱਠੂ ਵਰਿਆਮ ਵਾਲੀ ਢਾਣੀ ਚਾਂਦੀ ਵਾਲਾ ਫਿਰੋਜ਼ਪੁਰ, ਗੁਰਚਰਨ ਸਿੰਘ ਉਰਫ਼ ਗੋਰਾ ਵਾਸੀ ਵਰਿਆਮ ਸਿੰਘ ਵਾਲੀ ਢਾਣੀ ਫਿਰੋਜ਼ਪੁਰ, ਮੋਰਗਨ ਵਾਸੀ ਤਾਮਿਲਨਾਡੂ ਅਤੇ ਪ੍ਰਕਾਸ਼ ਵਾਸੀ ਚੇਨਈ, ਤਾਮਿਲਨਾਡੂ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹ ਉਸ ਨੂੰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜ ਕੇ ਉੱਥੇ ਸੈੱਟ ਕਰਵਾ ਦੇਣਗੇ ਪਰ ਪੈਸੇ ਲੈਣ ਤੋਂ ਬਾਅਦ ਦੋਸ਼ੀਅਨ ਨੇ ਉਸ ਨੂੰ ਗੈਰ-ਕਾਨੂੰਨੀ ‘ਡੌਂਕੀ’ ਦੇ ਰਸਤੇ ਵੱਖ-ਵੱਖ ਦੇਸ਼ਾਂ ਰਾਹੀਂ ਘੁੰਮਾ ਕੇ ਅਮਰੀਕਾ ਭੇਜ ਦਿੱਤਾ।

ਸਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਮਰੀਕਾ ਦੇ ਬਾਰਡਰ ’ਤੇ ਪਹੁੰਚਿਆ ਤਾਂ ਉੱਥੋਂ ਦੇ ਪ੍ਰਸ਼ਾਸਨ ਨੇ ਉਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ। ਕੁੱਝ ਦਿਨ ਕੈਂਪ ਵਿਚ ਰੱਖਣ ਤੋਂ ਬਾਅਦ, ਅਮਰੀਕਾ ਸਰਕਾਰ ਨੇ ਉਸ ਨੂੰ 28 ਫਰਵਰੀ 2025 ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਦੀਪਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News