ਉੱਤਰਾਖੰਡ ’ਚ ਹਥਿਆਰ ਸਮੱਗਲਰ ਗ੍ਰਿਫਤਾਰ, ਨਾਭਾ ਜੇਲ ਬ੍ਰੇਕ ਕਾਂਡ ਨਾਲ ਜੁੜੇ ਹਨ ਤਾਰ
Sunday, Dec 07, 2025 - 01:55 AM (IST)
ਦੇਹਰਾਦੂਨ/ਊਧਮ ਸਿੰਘ ਨਗਰ - ਐੱਸ. ਟੀ. ਐੱਫ. ਅਤੇ ਰੁਦਰਪੁਰ ਪੁਲਸ ਨੇ ਸਾਂਝੀ ਕਾਰਵਾਈ ਕਰਦੇ ਆਟੋਮੈਟਿਕ ਪਿਸਤੌਲ, ਬੰਦੂਕ ਅਤੇ ਭਾਰੀ ਮਾਤਰਾ ’ਚ ਕਾਰਤੂਸ ਬਰਾਮਦ ਕਰਦੇ ਹੋਏ ਅੰਤਰਰਾਜੀ ਹਥਿਆਰ ਸਮੱਗਲਰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਸਮੱਗਲਰ ਦਾ ਸਬੰਧ ਸਾਲ 2016 ’ਚ ਪੰਜਾਬ ’ਚ ਹੋਏ ਨਾਭਾ ਜੇਲ ਬ੍ਰੇਕ ਕਾਂਡ ਨਾਲ ਰਿਹਾ ਹੈ। ਇਸ ਨੇ ਨਾਭਾ ਜੇਲ ਬ੍ਰੇਕ ਦੇ ਖਤਰਨਾਕ ਗੈਂਗਸਟਰਾਂ ਨੂੰ ਕਾਰਤੂਸ ਮੁਹੱਈਆ ਕਰਵਾਏ ਸਨ, ਜਿਨ੍ਹਾਂ ਦੀ ਵਰਤੋਂ ਜੇਲ ਬ੍ਰੇਕ ’ਚ ਹੋਈ ਸੀ। ਉਸ ਮਾਮਲੇ ’ਚ ਸਾਢੇ 6 ਸਾਲ ਪਟਿਆਲਾ ਜੇਲ ’ਚ ਬੰਦ ਰਿਹਾ ਸੀ। ਐੱਨ. ਆਈ. ਏ. 2023 ’ਚ ਬਾਜਪੁਰ ’ਚ ਉਸਦੇ ਗੰਨ ਹਾਊਸ ’ਚ ਰੇਡ ਕਰ ਉਸ ਨੂੰ ਪੁੱਛਗਿੱਛ ਲਈ ਆਪਣੇ ਨਾਲ ਲੈ ਗਈ ਸੀ।
ਐੱਸ. ਟੀ. ਐੱਫ. ਦੇ ਡਿਪਟੀ ਸੁਪਰਡੈਂਟ ਆਫ ਪੁਲਸ ਰਿਸ਼ੀ ਚਮੋਲਾ ਨੇ ਦੱਸਿਆ ਕਿ ਸੂਬੇ ’ਚ ਗੈਂਗਸਟਰ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਖਿਲਾਫ ਮੁਹਿੰਮ ਚੱਲ ਰਿਹਾ ਹੈ। ਐੱਸ. ਟੀ. ਐੱਫ. ਦੇ ਕੁਮਾਊਂ ਯੂਨਿਟ ਨੇ ਰੁਦਰਪੁਰ ਪੁਲਸ ਨਾਲ ਮੁਹੰਮਦ ਆਸਿਮ ਨਿਵਾਸੀ ਗ੍ਰਾਮ ਧਨਸਾਰਾ ਬਾਜਪੁਰ ਊਧਮ ਸਿੰਘ ਨਗਰ ਨੂੰ ਗ਼ੈਰ-ਕਾਨੂੰਨੀ ਅਸਲੇ ਤੇ ਗੋਲਾ-ਬਾਰੂਦ ਨਾਲ ਰੁਦਰਪੁਰ ਤੋਂ ਗ੍ਰਿਫਤਾਰ ਕੀਤਾ। ਸਮੱਗਲਰ ਕੋਲੋਂ 4 ਗ਼ੈਰ-ਕਾਨੂੰਨੀ ਆਟੋਮੇਟਿਡ ਪਿਸਤੌਲ ਅਤੇ ਮੈਗਜ਼ੀਨ (32 ਬੋਰ), 1 ਗ਼ੈਰ-ਕਾਨੂੰਨੀ ਬੰਦੂਕ ਡਬਲ ਬੈਰਲ (12 ਬੋਰ ਇੰਡੀਅਨ ਆਰਡੀਨੈਂਸ) , 30 ਕਾਰਤੂਸ (12 ਬੋਕ), 10 ਕਾਰਤੂਸ (32ਬੋਰ) ਬਰਾਮਦ ਹੋਏ।
