ਅਯੁੱਧਿਆ ਜੇਲ ’ਚੋਂ ਜਬਰ-ਜ਼ਨਾਹ ਤੇ ਕਤਲ ਦੇ 2 ਬੰਦੀ ਫਰਾਰ, ਜੇਲ ਸੁਪਰਡੈਂਟ ਸਮੇਤ 7 ਸਸਪੈਂਡ

Friday, Jan 30, 2026 - 03:40 AM (IST)

ਅਯੁੱਧਿਆ ਜੇਲ ’ਚੋਂ ਜਬਰ-ਜ਼ਨਾਹ ਤੇ ਕਤਲ ਦੇ 2 ਬੰਦੀ ਫਰਾਰ, ਜੇਲ ਸੁਪਰਡੈਂਟ ਸਮੇਤ 7 ਸਸਪੈਂਡ

ਅਯੁੱਧਿਆ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲਾ ਜੇਲ ਵਿਚੋਂ 2 ਬੰਦੀ ਫਰਾਰ ਹੋ ਗਏ, ਜਿਨ੍ਹਾਂ ਵਿਚੋਂ ਇਕ ਕਤਲ ਦੀ ਕੋਸ਼ਿਸ਼ ਅਤੇ ਦੂਜਾ ਜਬਰ-ਜ਼ਨਾਹ ਦੇ ਦੋਸ਼ ਹੇਠ ਜੇਲ ’ਚ ਬੰਦ ਸੀ। ਦੋਵੇਂ ਬੈਰਕ ’ਚ ਲੱਗੀ ਗਰਿੱਲ ਕੱਟ ਕੇ ਅਤੇ ਬਾਂਸ ਤੇ ਕੰਬਲ ਦੀ ਮਦਦ ਨਾਲ ਚਾਰਦੀਵਾਰੀ ਟੱਪ ਕੇ ਭੱਜਣ ’ਚ ਸਫਲ ਰਹੇ। ਪੁਲਸ ਨੇ ਦੱਸਿਆ ਕਿ ਦੋਵਾਂ ਬੰਦੀਆਂ ਗੋਲੂ ਅਗ੍ਰਹਰੀ ਉਰਫ਼ ਸੂਰਜ ਅਗ੍ਰਹਰੀ (ਅਮੇਠੀ) ਅਤੇ ਸ਼ੇਰ ਅਲੀ (ਸੁਲਤਾਨਪੁਰ) ਨੇ ਜੇਲ ਦੇ ਪਿਛਲੇ ਹਿੱਸੇ ’ਚ, ਜਿੱਥੇ ਕੈਮਰੇ ਦਾ ਸਰਵੀਲਾਂਸ ਨਹੀਂ ਸੀ, ਉੱਥੋਂ ਭੱਜਣ ਦਾ ਰਸਤਾ ਬਣਾਇਆ। ਐੱਸ. ਪੀ. ਸਿਟੀ ਚੱਕਰਪਾਣੀ ਤ੍ਰਿਪਾਠੀ ਨੇ ਕਿਹਾ ਕਿ ਪੁਲਸ ਨੇ ਮੌਕੇ ਦਾ ਮੁਆਇਨਾ ਕਰ ਕੇ 3 ਟੀਮਾਂ ਦਾ ਗਠਨ ਕੀਤਾ ਹੈ ਅਤੇ ਜਲਦੀ ਹੀ ਦੋਵਾਂ ਦੀ ਗ੍ਰਿਫ਼ਤਾਰੀ ਦੀ ਉਮੀਦ ਹੈ।

ਜੇਲ ਪ੍ਰਸ਼ਾਸਨ ’ਤੇ ਕਾਰਵਾਈ ਕਰਦੇ ਹੋਏ ਡੀ. ਜੀ. (ਜੇਲ) ਪੀ. ਸੀ. ਮੀਣਾ ਨੇ ਸੀਨੀਅਰ ਜੇਲ ਸੁਪਰਡੈਂਟ ਯੂ. ਸੀ. ਮਿਸ਼ਰਾ, ਜੇਲਰ ਜੇ. ਕੇ. ਯਾਦਵ, ਡਿਪਟੀ ਜੇਲਰ ਮਯੰਕ ਤ੍ਰਿਪਾਠੀ ਅਤੇ 3 ਜੇਲ ਵਾਰਡਰਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜਾਂਚ ਲਈ ਡੀ. ਆਈ. ਜੀ. (ਜੇਲ) ਏ. ਕੇ. ਮੈਤਰੇਅ, ਜ਼ਿਲਾ ਮੈਜਿਸਟ੍ਰੇਟ ਨਿਖਿਲ ਟੀਕਾਰਾਮ ਅਤੇ ਐੱਸ. ਐੱਸ. ਪੀ. ਡਾ. ਗੌਰਵ ਗਰੋਵਰ ਵੀ ਜੇਲ ਪਹੁੰਚੇ।

ਸਾਰੀ ਰਾਤ ਤੋੜੀਆਂ 30 ਇੱਟਾਂ, ਰੋਸ਼ਨਦਾਨ ’ਚੋਂ ਨਿਕਲੇ ਬਾਹਰ
ਜਾਂਚ ’ਚ ਪਤਾ ਲੱਗਾ ਕਿ ਦੋਵੇਂ ਬੰਦੀ ਵਿਸ਼ੇਸ਼ 4 ਨੰਬਰ ਬੈਰਕ ’ਚ ਬੰਦ ਸਨ। ਉਨ੍ਹਾਂ ਨੇ ਰਾਤ ਭਰ 30 ਇੱਟਾਂ ਤੋੜ ਕੇ ਰੋਸ਼ਨਦਾਨ ਤੋਂ ਬਾਹਰ ਨਿਕਲਣ, 25 ਫੁੱਟ ਲੰਬਾ ਬਾਂਸ ਅਤੇ 30 ਫੁੱਟ ਸਰੀਆ ਤੇ ਕੰਬਲ ਦੀ ਰੱਸੀ ਦੀ ਵਰਤੋਂ ਕਰ ਕੇ 20 ਫੁੱਟ ਉੱਚੀ ਬਾਊਂਡਰੀਵਾਲ ਟੱਪਣ ’ਚ ਸਫਲਤਾ ਪਾਈ। ਜੇਲਰ ਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਕਾਰਨ ਇਹ ਸੰਭਵ ਹੋ ਸਕਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜੇਲ ਪ੍ਰਸ਼ਾਸਨ ਦੀ ਗੰਭੀਰ ਲਾਪ੍ਰਵਾਹੀ ਨੂੰ ਉਜਾਗਰ ਕਰਦੀ ਹੈ ਅਤੇ ਫਰਾਰ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰੀ ਦੇ ਹੀਲੇ ਜਾਰੀ ਹਨ।


author

Inder Prajapati

Content Editor

Related News