ਵਾਹ-ਰੀ ''ਆਪ'' ਸਰਕਾਰ! ਸਮੱਗਲਰ ਨਾਲ ਗ੍ਰਿਫ਼ਤਾਰ ਨਿਗਮ ਕਰਮਚਾਰੀ ਮਹੱਤਵਪੂਰਨ ਅਹੁਦੇ ’ਤੇ ਕੀਤਾ ਤਾਇਨਾਤ
Saturday, Feb 07, 2026 - 02:15 PM (IST)
ਜਲੰਧਰ (ਵਿਸ਼ੇਸ਼)–ਪੰਜਾਬ ਵਿਚ 'ਆਪ' ਸਰਕਾਰ ਵੱਲੋਂ ਜਿਥੇ ਰੋਜ਼ਾਨਾ ਨਸ਼ਿਆਂ ਨੂੰ ਖ਼ਤਮ ਕਰਨ ਦੀ ਬਿਆਨਬਾਜ਼ੀ ਕੀਤੀ ਜਾਂਦੀ ਹੈ, ਉਥੇ ਹੀ ਦੂਜੇ ਪਾਸੇ ਜਲੰਧਰ ਨਗਰ ਨਿਗਮ ਵਿਚ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਕ ਜੂਨੀਅਰ ਕਰਮਚਾਰੀ ਨੂੰ ਨਗਰ ਨਿਗਮ ਵਿਚ ਮਹੱਤਵਪੂਰਨ ਅਹੁਦੇ ’ਤੇ ਤਾਇਨਾਤ ਕਰ ਦਿੱਤਾ ਹੈ। ਇਸ ਨੂੰ ਲੈ ਕੇ ਕਰਮਚਾਰੀਆਂ ਵਿਚ ਵਿਆਪਕ ਹਲਚਲ ਮਚੀ ਹੋਈ ਹੈ ਕਿਉਂਕਿ ਪਿਛਲੇ ਸਾਲ ਹੀ ਇਕ ਨਸ਼ਾ ਸਮੱਗਲਰ ਦੇ ਨਾਲ ਐੱਸ. ਟੀ. ਐੱਫ਼. ਨੇ ਇਸ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਨਸ਼ਾ ਸਮੱਗਲਰ ਤੋਂ ਪੁਲਸ ਨੂੰ ਗਲਾਕ ਪਿਸਤੌਲ ਅਤੇ ਭਾਰੀ ਮਾਤਰਾ ਵਿਚ ਡਰੱਗ ਮਨੀ ਵੀ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ ਰਾਜ਼
ਐੱਸ. ਟੀ. ਐੱਫ਼. ਜਲੰਧਰ ਰੇਂਜ ਦੀ ਟੀਮ ਨੇ ਪਿਛਲੇ ਸਾਲ 20 ਸਤੰਬਰ ਨੂੰ ਹੀ ਇਕ ਵੱਡੀ ਕਾਰਵਾਈ ਕਰਦੇ ਹੋਏ ਸਮੱਗਲਿੰਗ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਸੀ, ਜਿਸ ਵਿਚ ਕੁੱਲ੍ਹ 10 ਗ੍ਰਿਫ਼ਤਾਰੀਆਂ ਹੋਈਆਂ ਸਨ। ਖ਼ੁਦ ਪੰਜਾਬ ਪੁਲਸ ਨੇ ਦਾਅਵਾ ਕੀਤਾ ਸੀ ਕਿ ਇਸ ਰੈਕੇਟ ਵਿਚ ਨਗਰ ਨਿਗਮ ਦਾ ਇਕ ਜੂਨੀਅਰ ਕਰਮਚਾਰੀ ਵੀ ਸ਼ਾਮਲ ਸੀ ਅਤੇ ਬਕਾਇਦਾ ਉਸ ਦੀਆਂ ਤਸਵੀਰਾਂ ਵੀ ਅਖਬਾਰਾਂ ਵਿਚ ਛਪੀਆਂ ਸਨ।
ਇਹ ਵੀ ਪੜ੍ਹੋ: 'ਆਪ' ਸਰਕਾਰ ਨੇ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਹੈ ਜਾਂ ਫਿਰ ਗੈਂਗਸਟਰਾਂ ਨੇ : ਸੁਖਜਿੰਦਰ ਰੰਧਾਵਾ
ਹੁਣ ਨਗਰ ਨਿਗਮ ਕਮਿਸ਼ਨਰ ਨੇ ਕਿਸ ਆਧਾਰ ’ਤੇ ਉਕਤ ਕਰਮਚਾਰੀ ਨੂੰ ਮੁੜ ਮਹੱਤਵਪੂਰਨ ਅਹੁਦੇ ’ਤੇ ਤਾਇਨਾਤ ਕਰ ਦਿੱਤਾ ਹੈ, ਇਸ ਦਾ ਖੁਲਾਸਾ ਤਾਂ ਉਹ ਖੁਦ ਹੀ ਕਰ ਸਕਦੇ ਹਨ ਪਰ ਕਰਮਚਾਰੀ ਵਰਗ ਨੇ ‘ਆਪ’ ਸਰਕਾਰ ਦੀ ਨਸ਼ਾ ਵਿਰੋਧੀ ਲਹਿਰ ’ਤੇ ਪ੍ਰਸ਼ਨ ਚਿੰਨ੍ਹ ਲਾਉਣਾ ਸ਼ੁਰੂ ਕਰ ਦਿੱਤਾ ਹੈ। ਕਰਮਚਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਕਮਿਸ਼ਨਰ ਦੇ ਧਿਆਨ ਵਿਚ ਹੈ ਪਰ ਉਹ ਇਹੀ ਜਵਾਬ ਦੇ ਰਹੇ ਹਨ ਕਿ ਸਿਆਸੀ ਦਬਾਅ ਕਾਰਨ ਇਹ ਕਦਮ ਉਠਾਇਆ ਗਿਆ ਹੈ। ਹੁਣ ਇਹ ਸਿਆਸੀ ਦਬਾਅ ਕੀ ਸਥਾਨਕ ਸੀ ਜਾਂ ਫਿਰ ਮੰਤਰੀ ਪੱਧਰ ਦਾ, ਇਸ ਬਾਰੇ ਵੱਖ-ਵੱਖ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਨਗਰ ਨਿਗਮ ਦੇ ਕਰਮਚਾਰੀ ਮੰਗ ਕਰ ਰਹੇ ਹਨ ਕਿ ਐੱਸ. ਟੀ. ਐੱਫ਼. ਵੱਲੋਂ ਗ੍ਰਿਫ਼ਤਾਰ ਹੋਏ ਉਕਤ ਕਰਮਚਾਰੀ ਨੂੰ ਅਹੁਦੇ ਤੋਂ ਹਟਾਇਆ ਜਾਵੇ। ਜਦੋਂ ਤਕ ਉਸ ਨੂੰ ਅਦਾਲਤ ਤੋਂ ਕਲੀਨ ਚਿੱਟ ਨਹੀਂ ਮਿਲਦੀ, ਉਦੋਂ ਤਕ ਉਸ ਦੀ ਤਾਇਨਾਤੀ ਕਿਸੇ ਵੀ ਅਹੁਦੇ ’ਤੇ ਨਹੀਂ ਕੀਤੀ ਜਾਣੀ ਚਾਹੀਦੀ। ਕਮਿਸ਼ਨਰ ਨੇ 6 ਫਰਵਰੀ 2026 ਨੂੰ ਹੁਕਮ ਨੰਬਰ 3909 ਜਾਰੀ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਲੱਕੀ ਓਬਰਾਏ ਕਤਲ ਕਾਂਡ 'ਚ DGP ਦਾ ਵੱਡਾ ਬਿਆਨ! ISI ਨਾਲ ਜੁੜੇ ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
