ਯੋਗੀ ਆਦਿੱਤਿਆਨਾਥ ’ਤੇ ਆਧਾਰਿਤ ਫਿਲਮ ਦੀ ਰਿਲੀਜ਼ ਨੂੰ ਪ੍ਰਵਾਨਗੀ
Monday, Aug 25, 2025 - 11:15 PM (IST)

ਮੁੰਬਈ (ਭਾਸ਼ਾ)-ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਜੀਵਨ ’ਤੇ ਆਧਾਰਿਤ ਇਕ ਫਿਲਮ ’ਚ ਕੁਝ ਵੀ ਇਤਰਾਜ਼ਯੋਗ ਨਹੀਂ ਪਾਉਣ ਦਾ ਹਵਾਲਾ ਦਿੰਦੇ ਹੋਏ ਇਸਦੀ ਰਿਲੀਜ਼ ਨੂੰ ਪ੍ਰਵਾਨਗੀ ਦੇ ਦਿੱਤੀ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਨੀਲਾ ਗੋਖਲੇ ਦੀ ਬੈਂਚ ਨੇ ਸੈਂਸਰ ਬੋਰਡ ਨੂੰ ਫਿਲਮ ‘ਅਜੈ : ਦਿ ਅਨਟੋਲਡ ਸਟੋਰੀ ਆਫ ਏ ਯੋਗੀ’ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਇਸਨੂੰ ਬਿਨਾਂ ਕਿਸੇ ਸੰਪਾਦਨ ਦੇ ਰਿਲੀਜ਼ ਕੀਤਾ ਜਾ ਸਕਦਾ ਹੈ।
ਬੈਂਚ ਨੇ ਕਿਹਾ ਕਿ ਅਦਾਲਤ ਨੇ ਫਿਲਮ ਦੇਖੀ ਹੈ ਅਤੇ ਇਸ ਵਿਚ ਕੁਝ ਵੀ ਇਤਰਾਜ਼ਯੋਗ ਨਹੀਂ ਪਾਇਆ ਗਿਆ। ‘ਦਿ ਮੌਂਕ ਹੂ ਬੀਕੇਮ ਚੀਫ਼ ਮਨਿਸਟਰ’ ਕਿਤਾਬ ਤੋਂ ਪ੍ਰੇਰਿਤ ਇਸ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਵੱਲੋਂ ਪ੍ਰਮਾਣਿਤ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।