ਅਨੁਰਾਗ ਠਾਕੁਰ ਨੇ ਅੱਤਵਾਦੀ ਹਮਲਿਆਂ ਦੀ ਰਿਪੋਰਟਿੰਗ ''ਤੇ ਮੀਡੀਆ ਨੂੰ ਕੀਤਾ ਸਾਵਧਾਨ

Tuesday, Nov 29, 2022 - 06:00 PM (IST)

ਨਵੀਂ ਦਿੱਲੀ (ਭਾਸ਼ਾ)- ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਅੱਤਵਾਦੀ ਹਮਲਿਆਂ ਦੀ ਲਾਈਵ ਰਿਪੋਰਟਿੰਗ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਸ ਨਾਲ ਹਮਲਾਵਰਾਂ ਨੂੰ ਉਨ੍ਹਾਂ ਦੇ ਬੁਰੇ ਇਰਾਦਿਆਂ ਨੂੰ ਅੰਜਾਮ ਦੇਣ ਦਾ ਸੁਰਾਗ ਨਹੀਂ ਮਿਲਣਾ ਚਾਹੀਦਾ। ਠਾਕੁਰ ਨੇ ਇੱਥੇ ਏਸ਼ੀਆ-ਪ੍ਰਸ਼ਾਂਤ ਬ੍ਰੌਡਕਾਸਟਿੰਗ ਯੂਨੀਅਨ (ਏਬੀਯੂ) ਦੀ ਜਨਰਲ ਅਸੈਂਬਲੀ ਨੂੰ ਸੰਬੋਧਿਤ ਕਰਦੇ ਹੋਏਕਿਹਾ,"ਮੀਡੀਆ ਨੂੰ ਭੂਚਾਲ, ਅੱਗ ਅਤੇ ਹੋਰ ਮਹੱਤਵਪੂਰਨ ਅੱਤਵਾਦੀ ਹਮਲਿਆਂ ਦੇ ਮਾਮਲੇ 'ਚ ਜ਼ਿੰਮੇਵਾਰੀ ਨਾਲ ਰਿਪੋਰਟ ਕਰਨ ਦੀ ਲੋੜ ਹੈ। ਮੀਡੀਆ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅੱਤਵਾਦੀ ਹਮਲੇ ਦੀ ਕਿਸੇ ਵੀ ਲਾਈਵ ਰਿਪੋਰਟਿੰਗ ਨਾਲ ਹਮਲਾਵਰਾਂ ਨੂੰ ਉਨ੍ਹਾਂ ਦੇ ਬੁਰੇ ਇਰਾਦਿਆਂ ਨੂੰ ਅੰਜਾਮ ਦੇਣ 'ਚ ਮਦਦ ਕਰਨ ਵਾਲਾ ਕੋਈ ਸੁਰਾਗ ਨਹੀਂ ਮਿਲਣਾ ਚਾਹੀਦਾ।'' ਠਾਕੁਰ ਨੇ ਕਿਹਾ ਕਿ ਜਿਸ ਗਤੀ ਨਾਲ ਸੂਚਨਾ ਪ੍ਰਸਾਰਿਤ ਕੀਤੀ ਜਾਂਦੀ ਹੈ, ਉਹ ਮਹੱਤਵਪੂਰਨ ਹੈ, ਸਾਵਧਾਨੀ ਹੋਰ ਵੀ ਮਹੱਤਵਪੂਰਨ ਹੈ ਅਤੇ ਪੱਤਰਕਾਰਾਂ ਦੇ ਦਿਮਾਗ਼ 'ਚ ਇਹ ਮੁੱਖ ਰੂਪ ਨਾਲ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ 'ਚ FIR ਦਰਜ, ਪੋਸਟਮਾਰਟਮ ਰਿਪੋਰਟ ਦੀ ਉਡੀਕ

ਕੇਂਦਰੀ ਮੰਤਰੀ ਨੇ ਕਿਹਾ ਕਿ ਜ਼ਿੰਮੇਵਾਰ ਮੀਡੀਆ ਸੰਗਠਨਾਂ ਲਈ ਜਨਤਾ ਦਾ ਵਿਸ਼ਵਾਸ ਬਣਾਏ ਰੱਖਣਾ ਸਰਵਉੱਚ ਮਾਰਗਦਰਸ਼ਕ ਸਿਧਾਂਤ ਹੋਣਾ ਚਾਹੀਦਾ। ਠਾਕੁਰ ਨੇ ਕੋਰੋਨਾ ਦੌਰਾਨ ਘਰਾਂ 'ਚ ਫਸੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਸਿਹਰਾ ਮੀਡੀਆ ਨੂੰ ਦਿੰਦੇ ਹੋਏ ਕਿਹਾ ਕਿ ਇਹ ਮੀਡੀਆ ਹੀ ਸੀ, ਜਿਸ ਨੇ ਅਜਿਹੇ ਲੋਕਾਂ ਨੂੰ ਬਾਹਰੀ ਦੁਨੀਆ ਨਾਲ ਜੋੜੇ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਨੇ ਆਮ ਤੌਰ 'ਤੇ ਇਹ ਯਕੀਨੀ ਕੀਤਾ ਕਿ ਕੋਰੋਨਾ ਜਾਗਰੂਕਤਾ ਸੰਦੇਸ਼, ਮਹੱਤਵਪੂਰਨ ਸਰਕਾਰੀ ਦਿਸ਼ਾ-ਨਿਰਦੇਸ਼ ਅਤੇ ਡਾਕਟਰਾਂ ਨਾਲ ਮੁਫ਼ਤ ਆਨਲਾਈਨ ਸਲਾਹ-ਮਸ਼ਵਰੇ ਬਾਰੇ ਜਾਣਕਾਰੀ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚ ਸਕੀ। ਉਨ੍ਹਾਂ ਕਿਹਾ ਕਿ ਪ੍ਰਸਾਰ ਭਾਰਤੀ (ਭਾਰਤ ਦਾ ਲੋਕ ਸੇਵਕ ਪ੍ਰਸਾਰਕ) ਨੇ ਕੋਰੋਨਾ ਕਾਰਨ ਆਪਣੇ 500 ਤੋਂ ਵੱਧ ਮੈਂਬਰ ਗੁਆ ਦਿੱਤੇ ਪਰ ਇਸ ਦੇ ਬਾਵਜੂਦ ਵੀ ਇਸ ਸੰਗਠਨ ਨੇ ਆਪਣੀ ਜਨਤਾਕ ਸੇਵਾ ਅੱਗੇ ਵਧਾਉਣੀ ਜਾਰੀ ਰੱਖੀ। ਉਨ੍ਹਾਂ ਕਿਹਾ ਕਿ ਪ੍ਰਸਾਰਨ ਸੰਗਠਨਾਂ ਦੇ ਇਕ ਸੰਘ ਵਜੋਂ ਏ.ਬੀ.ਯੂ. ਨੂੰ ਸੰਕਟ ਦੇ ਸਮੇਂ ਮੀਡੀਆ ਦੀ ਭੂਮਿਕਾ ਬਾਰੇ ਸਰਵਸ਼੍ਰੇਸ਼ਠ ਪੇਸ਼ੇਵਰ ਕੌਸ਼ਲ ਵਾਲੇ ਮੀਡੀਆ ਕਰਮੀਆਂ ਨੂੰ ਸਿੱਖਿਅਤ ਕਰਨਾ ਅਤੇ ਸਮਰੱਥ ਬਣਾਉਣਾ ਜਾਰੀ ਰੱਖਣਾ ਚਾਹੀਦਾ। ਪ੍ਰਸਾਰ ਭਾਰਤੀ 59ਵੀਂ ਏ.ਬੀ.ਯੂ. ਮਹਾਸਭਾ 2022 ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸਾਲ ਦੀ ਮਹਾਸਭਾ ਦਾ ਵਿਸ਼ਾ 'ਲੋਕਾਂ ਦੀ ਸੇਵਾ', 'ਸੰਕਟ ਦੇ ਸਮੇਂ ਮੀਡੀਆ' ਦੀ ਭੂਮਿਕਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News