ਬਿਹਾਰ ''ਚ ਫਿਰ ਰੇਲ ਹਾਦਸਾ, ਮਾਲ ਗੱਡੀ ਦੀਆਂ 4 ਬੋਗੀਆਂ ਪਟੜੀ ਤੋਂ ਉਤਰੀਆਂ, ਰੇਲ ਸੇਵਾਵਾਂ ਪ੍ਰਭਾਵਿਤ!
Friday, Nov 01, 2024 - 12:07 AM (IST)
ਨੈਸ਼ਨਲ ਡੈਸਕ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ਦੇ ਨੇੜੇ ਨਰਾਇਣਪੁਰ ਅਨੰਤ ਰੇਲਵੇ ਸਟੇਸ਼ਨ 'ਤੇ ਵੀਰਵਾਰ ਨੂੰ ਇਕ ਮਾਲ ਗੱਡੀ ਦੇ 4 ਖਾਲੀ ਟੈਂਕ ਡੱਬੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 3:45 ਵਜੇ ਸ਼ੰਟਿੰਗ ਦੌਰਾਨ ਵਾਪਰੀ, ਜਦੋਂ ਉਕਤ ਮਾਲ ਗੱਡੀ ਦੇ ਚਾਰ ਖਾਲੀ ਟੈਂਕ ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੂਰਬੀ ਮੱਧ ਰੇਲਵੇ (ਈ.ਸੀ.ਆਰ.) ਜ਼ੋਨ ਦੇ ਸੋਨਪੁਰ ਰੇਲਵੇ ਡਿਵੀਜ਼ਨਲ ਮੈਨੇਜਰ (ਡੀ.ਆਰ.ਐੱਮ.) ਵਿਵੇਕ ਭੂਸ਼ਣ ਸੂਦ ਹੋਰ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚੇ ਅਤੇ ਮੁਰੰਮਤ ਦੇ ਕੰਮ ਦੀ ਨਿਗਰਾਨੀ ਕੀਤੀ। ਮੌਕੇ 'ਤੇ ਮੌਜੂਦ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਦੇ ਇੰਸਪੈਕਟਰ ਮਨੋਜ ਕੁਮਾਰ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ, "ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਘਟਨਾ ਕਾਰਨ... ਅੱਪ ਲਾਈਨ 'ਤੇ ਕੁਝ ਟਰੇਨਾਂ ਨੂੰ ਮੋੜ ਦਿੱਤਾ ਗਿਆ ਹੈ। ਡਾਊਨ ਲਾਈਨ 'ਤੇ ਟ੍ਰੇਨਾਂ ਦੀ ਆਵਾਜਾਈ ਆਮ ਹੈ।"
ਸਥਾਨਕ ਰੇਲਵੇ ਅਧਿਕਾਰੀਆਂ ਮੁਤਾਬਕ ਮੁਜ਼ੱਫਰਪੁਰ ਅਤੇ ਸਮਸਤੀਪੁਰ ਰੇਲਵੇ ਸਟੇਸ਼ਨਾਂ 'ਤੇ ਕੁਝ ਟਰੇਨਾਂ ਨੂੰ ਕੁਝ ਸਮੇਂ ਲਈ ਰੋਕਿਆ ਗਿਆ। ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਈ.ਸੀ.ਆਰ. ਜ਼ੋਨ ਦਾ ਕੋਈ ਹੋਰ ਸੀਨੀਅਰ ਅਧਿਕਾਰੀ ਘਟਨਾ 'ਤੇ ਟਿੱਪਣੀ ਕਰਨ ਲਈ ਤੁਰੰਤ ਉਪਲੱਬਧ ਨਹੀਂ ਸਨ।