ਅਜੀਤ ਪਵਾਰ ਤੋਂ ਬਾਅਦ ਇਕ ਹੋਰ ਆਗੂ ਦੀ ਮੌਤ ! ਭਿਆਨਕ ਹਾਦਸੇ ''ਚ ਗੁਆਈ ਜਾਨ
Monday, Feb 16, 2026 - 10:13 AM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਲੇਨ ਕ੍ਰੈਸ਼ 'ਚ ਹੋਈ ਦਰਦਨਾਕ ਮੌਤ ਨੂੰ ਹਾਲੇ ਲੋਕ ਭੁੱਲੇ ਨਹੀਂ ਸਨ ਕਿ ਉੱਤਰ ਪ੍ਰਦੇਸ਼ ਤੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਮਾਜਵਾਦੀ ਪਾਰਟੀ ਦੇ ਆਗੂ ਲਾਲ ਬਹਾਦਰ ਯਾਦਵ ਦੀ ਇਕ ਭਿਆਨਕ ਹਾਦਸੇ 'ਚ ਮੌਤ ਹੋ ਗਈ ਹੈ।
ਇਹ ਰੂਹ ਕੰਬਾਊ ਹਾਦਸਾ ਐਤਵਾਰ ਦੁਪਹਿਰ ਸਮੇਂ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਅੰਤੂ ਥਾਣਾ ਖੇਤਰ 'ਚ ਪੈਂਦੇ ਬਾਬੂਗੰਜ ਇਲਾਕੇ 'ਚ ਵਾਪਰਿਆ, ਜਿਸ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਸਥਾਨਕ ਨੇਤਾ ਲਾਲ ਬਹਾਦਰ ਯਾਦਵ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਪੈਟਰੋਲ ਪੰਪ 'ਤੇ ਲਗਾਇਆ ਜਾ ਰਿਹਾ ਭਾਰੀ-ਭਰਕਮ ਹਾਈਮਾਸਟ ਲਾਈਟ ਦਾ ਖੰਭਾ ਚੱਲਦੀ ਕਾਰ 'ਤੇ ਜਾ ਡਿੱਗਿਆ।
ਜਾਣਕਾਰੀ ਅਨੁਸਾਰ, ਬਾਬੂਗੰਜ ਬਾਜ਼ਾਰ ਦੇ ਰਹਿਣ ਵਾਲੇ 47 ਸਾਲਾ ਲਾਲ ਬਹਾਦਰ ਯਾਦਵ ਆਪਣੀ ਹੁੰਡਈ ਕ੍ਰੇਟਾ ਕਾਰ ਵਿੱਚ ਸਵਾਰ ਹੋ ਕੇ ਸ਼ਹਿਰ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਭਾਰਤ ਪੈਟਰੋਲੀਅਮ ਦੇ ਪੰਪ ਕੋਲ ਪਹੁੰਚੇ, ਉੱਥੇ ਕ੍ਰੇਨ ਦੀ ਮਦਦ ਨਾਲ ਲਗਭਗ 65 ਫੁੱਟ ਉੱਚਾ ਅਤੇ 1000 ਕਿੱਲੋ ਵਜ਼ਨੀ ਹਾਈਮਾਸਟ ਖੰਭਾ ਖੜ੍ਹਾ ਕੀਤਾ ਜਾ ਰਿਹਾ ਸੀ। ਅਚਾਨਕ ਕ੍ਰੇਨ ਦੀ ਸਟ੍ਰੈਪ ਟੁੱਟ ਗਈ ਅਤੇ ਖੰਭਾ ਸਿੱਧਾ ਯਾਦਵ ਦੀ ਕਾਰ ਦੇ ਡਰਾਈਵਰ ਵਾਲੇ ਹਿੱਸੇ 'ਤੇ ਡਿੱਗਿਆ।
ਹਾਦਸੇ ਦੀ ਇੱਕ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਖੰਭਾ ਡਿੱਗਣ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ ਅਤੇ ਕਾਰ ਦਾ ਪਿਛਲਾ ਹਿੱਸਾ ਹਵਾ ਵਿੱਚ ਉੱਛਲ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਲਾਲ ਬਹਾਦਰ ਯਾਦਵ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਨਾਲ ਕਾਰ ਦੇ ਦਰਵਾਜ਼ੇ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ; ਸਵੇਰੇ-ਸਵੇਰੇ ਵਾਪਰ ਗਿਆ ਵੱਡਾ ਹਾਦਸਾ ! AAP ਦੀ ਰੈਲੀ 'ਚ ਤਾਇਨਾਤ ਪੁਲਸ ਮੁਲਾਜ਼ਮਾਂ 'ਤੇ ਆ ਚੜ੍ਹੀ ਬੱਸ
In UP’s Pratapgarh district, a high mast light pole fell on a Creta car.
— Mohit Chauhan (@mohitlaws) February 15, 2026
SP leader Lal Bahadur Yadav died on the spot. pic.twitter.com/UKteW5cWhb
ਲਾਲ ਬਹਾਦਰ ਯਾਦਵ ਪੇਸ਼ੇ ਤੋਂ ਪੀ.ਡਬਲਯੂ.ਡੀ. (PWD) ਦੇ ਠੇਕੇਦਾਰ ਸਨ ਅਤੇ ਉਨ੍ਹਾਂ ਨੇ ਸਾਲ 2022 ਵਿੱਚ ਅੰਤੂ ਨਗਰ ਪੰਚਾਇਤ ਦੀ ਚੋਣ ਵੀ ਲੜੀ ਸੀ। ਉਹ ਆਪਣੇ ਪਿੱਛੇ ਪਤਨੀ ਅਤੇ 5 ਬੱਚੇ (ਚਾਰ ਧੀਆਂ ਅਤੇ ਇੱਕ ਪੁੱਤਰ) ਛੱਡ ਗਏ ਹਨ। ਪਰਿਵਾਰਕ ਮੈਂਬਰਾਂ ਨੇ ਇਸ ਨੂੰ ਸਰਾਸਰ ਲਾਪ੍ਰਵਾਹੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇੰਨਾ ਭਾਰੀ ਖੰਭਾ ਲਗਾਇਆ ਜਾ ਰਿਹਾ ਸੀ ਤਾਂ ਰਸਤੇ 'ਤੇ ਆਵਾਜਾਈ ਕਿਉਂ ਨਹੀਂ ਰੋਕੀ ਗਈ ?
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪ੍ਰਤਾਪਗੜ੍ਹ ਦੇ ਐੱਸ.ਪੀ. ਦੀਪਕ ਭੂਕਰ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੈਟਰੋਲ ਪੰਪ ਦੇ ਸੰਚਾਲਕ ਅਤੇ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਖੰਭਾ ਲਗਾਉਣ ਸਮੇਂ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
