ਟੀਚਰ ਵਲੋਂ ਧੀ ਨੂੰ ਥੱਪੜ ਮਾਰਨ ਤੋਂ ਨਾਰਾਜ਼ ਫ਼ੌਜੀ ਨੇ ਸਕੂਲ ’ਚ ਕੀਤੀ ਗੋਲੀਬਾਰੀ
Tuesday, Jan 04, 2022 - 02:43 PM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ’ਚ ਸਕੂਲ ’ਚ ਇਕ ਅਧਿਆਪਕ ਵਲੋਂ ਧੀ ਨੂੰ ਥੱਪੜ ਮਾਰਨ ਤੋਂ ਨਾਰਾਜ਼ ਫ਼ੌਜੀ ਨੇ ਗੋਲੀਬਾਰੀ ਕਰ ਦਿੱਤੀ। ਇਸ ਹਾਦਸੇ ’ਚ ਇਕ ਔਰਤ ਜ਼ਖਮੀ ਹੋ ਗਈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਕਨਵਾੜਾ ਪਿੰਡ ’ਚ ਹੋਈ, ਜਿੱਥੇ ਫ਼ੌਜੀ ਪੱਪੂ ਗੁੱਜਰ ਦੀ ਧੀ ਦੇ ਹੋਮ ਵਰਕ ਨਹੀਂ ਕਰਨ ’ਤੇ ਸਕੂਲ ਦੇ ਇਕ ਅਧਿਆਪਕ ਨੇ ਉਸ ਨੂੰ ਥੱਪੜ ਮਾਰ ਦਿੱਤਾ। ਫ਼ੌਜੀ ਪੱਪੂ ਗੁੱਜਰ ਸੋਮਵਾਰ ਨੂੰ ਸਕੂਲ ਸੰਚਾਲਕ ਨੂੰ ਮਿਲਣ ਗਿਆ ਸੀ।
ਇਹ ਵੀ ਪੜ੍ਹੋ : ਸਾਬਕਾ ਫ਼ੌਜੀ ਦੀ ਕਿਸਮਤ ਨੇ ਮਾਰੀ ਪਲਟੀ, ਘਰ ਬੈਠੇ ਬਿਠਾਏ ਬਣਿਆ ਕਰੋੜਪਤੀ
ਉਨ੍ਹਾਂ ਦੱਸਿਆ ਕਿ ਜਵਾਨ ਦੀ ਧੀ ਨੇ ਕਰੀਬ 20 ਦਿਨ ਪਹਿਲਾਂ ਆਪਣੇ ਪਿਤਾ ਨੂੰ ਸ਼ਿਕਾਇਤ ’ਚ ਕਿਹਾ ਸੀ ਕਿ ਉਸ ਵਲੋਂ ਹੋਮਵਰਕ ਨਹੀਂ ਕਰਨ ’ਤੇ ਇਕ ਅਧਿਆਪਕ ਨੇ ਉਸ ਨੂੰ ਥੱਪੜ ਮਾਰਿਆ ਹੈ। ਜਵਾਨ ਛੁੱਟੀਆਂ ’ਤੇ ਘਰ ਆਇਆ ਹੋਇਆ ਸੀ। ਇਸ ਦੌਰਾਨ ਉਹ ਆਪਣੀ ਲਾਇਸੈਂਸੀ ਬੰਦੂਕ ਲੈ ਕੇ ਸਕੂਲ ਸੰਚਾਲਕ ਨੂੰ ਮਿਲਣ ਪੁੱਜਿਆ। ਉਨ੍ਹਾਂ ਦੱਸਿਆ ਕਿ ਸਕੂਲ ਸੰਚਾਲਕ ਨਾਲ ਕਹਾਸੁਣੀ ਦਰਮਿਆਨ ਗੁੱਜਰ ਨੇ ਉਸ ’ਤੇ ਬੰਦੂਕ ਤਾਨ ਦਿੱਤੀ। ਇਸ ਤੋਂ ਬਾਅਦ ਫ਼ੌਜੀ ਨੇ ਗੋਲੀਬਾਰੀ ਕਰ ਦਿੱਤੀ। ਗੋਲੀਬਾਰੀ ਦਰਮਿਆਨ ਬਚਾਅ ਕਰਨ ਆਈ ਸੰਚਾਲਕ ਦੀ ਪਤਨੀ ਦੇ ਹੱਥ ’ਚ ਗੋਲੀ ਲੱਗ ਗਈ। ਕਾਂਮਾ ਥਾਣਾ ਅਧਿਕਾਰੀ ਦੌਲਤ ਸਿੰਘ ਨੇ ਦੱਸਿਆ ਕਿ ਦੋਸ਼ੀ ਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਗੋਲੀਬਾਰੀ ਤੋਂ ਬਾਅਦ ਜਵਾਨ ਹਾਦਸੇ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ, ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ