ਪੁਰਾਤਨ ਭਾਰਤੀਆਂ ਨੇ ਸੱਭਿਆਚਾਰ ਦਾ ਪ੍ਰਚਾਰ ਕੀਤਾ, ਕਿਸੇ ਤੇ ਕਦੇ ਹਮਲਾ ਨਹੀਂ ਕੀਤਾ : ਭਾਗਵਤ
Monday, Oct 20, 2025 - 10:52 AM (IST)

ਮੁੰਬਈ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਪੁਰਾਤਨ ਸਮੇਂ ’ਚ ਭਾਰਤੀਆਂ ਨੇ ਸੱਭਿਆਚਾਰ ਤੇ ਵਿਗਿਆਨ ਨੂੰ ਫੈਲਾਉਣ ਲਈ ਦੁਨੀਆ ਦੀ ਯਾਤਰਾ ਕੀਤੀ ਪਰ ਉਨ੍ਹਾਂ ਕਦੇ ਵੀ ਕਿਸੇ ’ਤੇ ਹਮਲਾ ਨਹੀਂ ਕੀਤਾ ਜਾਂ ਧਰਮ ਤਬਦੀਲੀ ’ਚ ਸ਼ਾਮਲ ਨਹੀਂ ਹੋਏ।
ਐਤਵਾਰ ਇੱਥੇ ‘ਆਰੀਆ ਯੁਗ ਵਿਸ਼ਾ ਕੋਸ਼’ ਦੇ ਉਦਘਾਟਨ ਦੇ ਮੌਕੇ ਭਾਗਵਤ ਨੇ ਕਿਹਾ ਕਿ ਬਹੁਤ ਸਾਰੇ ਹਮਲਾਵਰਾਂ ਨੇ ਭਾਰਤ ਨੂੰ ਲੁੱਟਿਆ ਤੇ ਗੁਲਾਮ ਬਣਾਇਆ।
ਆਖਰੀ ਹਮਲਾਵਰ ਨੇ ਭਾਰਤੀਆਂ ਦੇ ਦਿਮਾਗ ਨੂੰ ਲੁੱਟਿਆ। ਸਾਡੇ ਪੁਰਖਿਆਂ ਨੇ ਮੈਕਸੀਕੋ ਤੋਂ ਸਾਇਬੇਰੀਆ ਤਕ ਦੀ ਯਾਤਰਾ ਕੀਤੀ ਤੇ ਦੁਨੀਆ ਨੂੰ ਵਿਗਿਆਨ ਤੇ ਸੱਭਿਆਚਾਰ ਸਿਖਾਇਆ। ਭਾਗਵਤ ਨੇ ਕਿਹਾ ਕਿ ਉਨ੍ਹਾਂ ਨਾ ਤਾਂ ਕਿਸੇ ਦਾ ਧਰਮ ਤਬਦੀਲ ਕੀਤਾ ਤੇ ਨਾ ਹੀ ਕਿਸੇ ’ਤੇ ਹਮਲਾ ਕੀਤਾ। ਅਸੀਂ ਸਦਭਾਵਨਾ ਤੇ ਏਕਤਾ ਦਾ ਸੰਦੇਸ਼ ਲੈ ਕੇ ਗਏ। ਬਹੁਤ ਸਾਰੇ ਹਮਲਾਵਰ ਆਏ। ਉਨ੍ਹਾਂ ਸਾਨੂੰ ਲੁੱਟਿਆ ਤੇ ਗੁਲਾਮ ਬਣਾਇਆ। ਅਸੀਂ ਆਪਣੀ ਤਾਕਤ ਭੁੱਲ ਗਏ ਤੇ ਇਹ ਵੀ ਭੁੱਲ ਗਏ ਕਿ ਅਸੀਂ ਦੁਨੀਆ ਨਾਲ ਕੀ ਸਾਂਝਾ ਕਰ ਸਕਦੇ ਹਾਂ? ਉਨ੍ਹਾਂ ਕਿਹਾ ਕਿ ਅਧਿਆਤਮਿਕ ਗਿਆਨ ਅਜੇ ਵੀ ਵਧ ਰਿਹਾ ਹੈ। ਆਰਿਆਵਰਤ ਦੇ ਵੰਸ਼ ’ਚੋਂ ਹੋਣ ਦੇ ਨਾਤੇ ਸਾਡੇ ਕੋਲ ਵਿਗਿਆਨ ਤੇ ਹਥਿਆਰ, ਸ਼ਕਤੀ, ਤਾਕਤ, ਭਰੋਸਾ ਤੇ ਗਿਆਨ ਹੈ।