Bihar Elections ! ਜੇਲ੍ਹ ''ਚ ਬੈਠੇ-ਬੈਠੇ ਬਣ ਗਏ MLA ! 6ਵੀਂ ਵਾਰ ਮੋਕਾਮਾ ਦੀ ਸੀਟ ''ਤੇ ਕਾਬਜ਼ ਹੋਏ ਅਨੰਤ ਸਿੰਘ

Friday, Nov 14, 2025 - 04:19 PM (IST)

Bihar Elections ! ਜੇਲ੍ਹ ''ਚ ਬੈਠੇ-ਬੈਠੇ ਬਣ ਗਏ MLA ! 6ਵੀਂ ਵਾਰ ਮੋਕਾਮਾ ਦੀ ਸੀਟ ''ਤੇ ਕਾਬਜ਼ ਹੋਏ ਅਨੰਤ ਸਿੰਘ

ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਵਿੱਚ ਪਟਨਾ ਜ਼ਿਲ੍ਹੇ ਦੀ ਮੋਕਾਮਾ ਵਿਧਾਨ ਸਭਾ ਸੀਟ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਨ੍ਹਾਂ ਚੋਣਾਂ 'ਚ ਜਨਤਾ ਦਲ (JDU) ਦੇ ਉਮੀਦਵਾਰ ਅਨੰਤ ਕੁਮਾਰ ਸਿੰਘ ਨੇ ਵੱਡੀ ਜਿੱਤ ਦਰਜ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਲੰਬੀ ਗਿਣਤੀ ਤੋਂ ਬਾਅਦ ਅਨੰਤ ਸਿੰਘ ਨੇ ਆਪਣੇ ਨੇੜਲੇ ਵਿਰੋਧੀ, ਰਾਸ਼ਟਰੀ ਜਨਤਾ ਦਲ (RJD) ਦੀ ਉਮੀਦਵਾਰ ਵੀਨਾ ਦੇਵੀ ਨੂੰ 28,206 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਟ 'ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਇਨ੍ਹਾਂ ਚੋਣਾਂ 'ਚ ਕੁੱਲ 91,416 ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਆਰ.ਜੇ.ਡੀ. ਦੀ ਵੀਨਾ ਦੇਵੀ ਨੂੰ 63,210 ਵੋਟਾਂ ਪਈਆਂ ਹਨ।

'ਛੋਟੇ ਸਰਕਾਰ' ਵਜੋਂ ਜਾਣੇ ਜਾਂਦੇ ਅਨੰਤ ਕੁਮਾਰ ਸਿੰਘ ਦੀ ਇਹ ਵੱਡੀ ਜਿੱਤ ਅਜਿਹੇ ਸਮੇਂ ਆਈ ਹੈ, ਜਦੋਂ ਉਹ ਖੁਦ ਜੇਲ੍ਹ ਵਿੱਚ ਬੰਦ ਹਨ। ਉਹ ਅਕਸਰ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਸਿਆਸਤਦਾਨ ਅਤੇ 'ਬਾਹੂਬਲੀ' ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ 2 ਨਵੰਬਰ 2025 ਨੂੰ ਜਨ ਸੁਰਾਜ ਸਮਰਥਕ ਦੁਲਾਰ ਚੰਦ ਯਾਦਵ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਜਿਹੇ ਹਾਲਾਤਾਂ ਦੌਰਾਨ ਅਨੰਤ ਦੀ ਇਹ ਜਿੱਤ ਉਨ੍ਹਾਂ ਦੇ ਰਾਜਨੀਤਿਕ ਦਬਦਬੇ ਨੂੰ ਹੋਰ ਮਜ਼ਬੂਤ ਕਰਦੀ ਹੈ। ਅਨੰਤ ਸਿੰਘ 5 ਵਾਰ ਦੇ ਵਿਧਾਇਕ ਰਹਿ ਚੁੱਕੇ ਹਨ ਅਤੇ ਇਹ ਉਨ੍ਹਾਂ ਦੀ 6ਵੀਂ ਜਿੱਤ ਹੈ। ਉਨ੍ਹਾਂ ਦੇ ਪਰਿਵਾਰ ਦਾ ਮੋਕਾਮਾ ਦੀ ਰਾਜਨੀਤੀ 'ਤੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਦਬਦਬਾ ਰਿਹਾ ਹੈ। ਸਾਲ 2000 ਤੋਂ ਬਾਅਦ ਕਿਸੇ ਬਾਹਰੀ ਵਿਅਕਤੀ ਨੇ ਇਹ ਸੀਟ ਨਹੀਂ ਜਿੱਤੀ।

ਦੁਲਾਰ ਚੰਦ ਕਤਲ ਮਾਮਲੇ 'ਚ ਜਦੋਂ ਅਨੰਤ ਸਿੰਘ ਜੇਲ੍ਹ 'ਚ ਬੰਦ ਸਨ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਪੋਸਟਰਾਂ 'ਤੇ ਇੱਕ ਨਾਅਰਾ ਲਿਖਿਆ ਗਿਆ ਸੀ- "ਜੇਲ੍ਹ ਕੇ ਫਾਟਕ ਟੂਟੇਂਗੇ, ਹਮਾਰਾ ਸ਼ੇਰ ਛੂਟੇਗਾ।" ਜ਼ਿਕਰਯੋਗ ਹੈ ਕਿ 2020 ਦੇ ਹਲਫ਼ਨਾਮੇ ਮੁਤਾਬਕ, ਉਨ੍ਹਾਂ 'ਤੇ 52 ਅਪਰਾਧਿਕ ਮਾਮਲੇ ਦਰਜ ਸਨ ਅਤੇ 2022 ਵਿੱਚ ਉਨ੍ਹਾਂ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਲਈ ਯੂ.ਏ.ਪੀ.ਏ. (UAPA) ਤਹਿਤ 10 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਾਰਨ ਉਹ ਅਯੋਗ ਠਹਿਰਾਏ ਗਏ ਸਨ। 2025 ਦੇ ਹਲਫ਼ਨਾਮੇ ਅਨੁਸਾਰ ਉਨ੍ਹਾਂ ਦੀ ਜਾਇਦਾਦ 100 ਕਰੋੜ ਰੁਪਏ ਤੋਂ ਵੱਧ ਹੈ।

ਅਨੰਤ ਸਿੰਘ ਦੀ ਜਿੱਤ ਇੱਕ ਵਾਰ ਫਿਰ ਇਹ ਦਰਸਾਉਂਦੀ ਹੈ ਕਿ ਬਿਹਾਰ ਦੀ ਰਾਜਨੀਤੀ ਵਿੱਚ ਉਹ ਇੱਕ ਵਿਸ਼ੇਸ਼ ਮਹੱਤਵ ਰੱਖਦੇ ਹਨ, ਭਾਵੇਂ ਉਹ ਜੇਲ੍ਹ ਵਿੱਚ ਹੀ ਕਿਉਂ ਨਾ ਹੋਣ। ਉਨ੍ਹਾਂ ਦਾ ਪਰਿਵਾਰ, ਜਿਸ ਵਿੱਚ ਉਨ੍ਹਾਂ ਦੇ ਵੱਡੇ ਭਰਾ ਦਿਲਿਪ ਸਿੰਘ ('ਬੜੇ ਸਰਕਾਰ') ਵੀ ਸ਼ਾਮਲ ਸਨ, 1990 ਦੇ ਦਹਾਕੇ ਵਿੱਚ ਮੋਕਾਮਾ 'ਤੇ ਹਾਵੀ ਸੀ। ਉਨ੍ਹਾਂ ਨੂੰ ਭੂਮੀਹਾਰ ਭਾਈਚਾਰੇ ਦੇ 'ਰੱਖਿਅਕ' ਵਜੋਂ ਦੇਖਿਆ ਜਾਂਦਾ ਹੈ, ਖਾਸ ਕਰ ਕੇ 1990 ਤੋਂ 2005 ਦੇ ਦੌਰਾਨ, ਜਦੋਂ ਨਕਸਲੀਆਂ ਅਤੇ ਜਾਤੀਗਤ ਝਗੜਿਆਂ ਕਾਰਨ ਜ਼ਿਮੀਂਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ।


author

Harpreet SIngh

Content Editor

Related News