ਅਮਰਨਾਥ ਯਾਤਰਾ ਤੋਂ ਪਹਿਲਾਂ ਰੇਲਵੇ ਸਟੇਸ਼ਨ ''ਤੇ ਸੁਰੱਖਿਆ ਕੀਤੀ ਗਈ ਸਖਤ
Monday, Jun 24, 2019 - 04:27 PM (IST)

ਜੰਮੂ (ਭਾਸ਼ਾ)— ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜੰਮੂ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਸ਼ਰਧਾਲੂ ਬਿਨਾਂ ਕਿਸੇ ਡਰ ਦੇ ਅਮਰਨਾਥ ਯਾਤਰਾ 'ਤੇ ਆਉਣ, ਇਸ ਲਈ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੁਰੱਖਿਆ ਸਥਿਤੀ ਦੇਸ਼ ਦੇ ਬਾਕੀ ਖੇਤਰਾਂ ਜਿੰਨੀ ਹੀ ਚੰਗੀ ਹੈ। ਸੀਨੀਅਰ ਪੁਲਸ ਸੁਪਰਡੈਂਟ ਰੇਲਵੇ, ਰੰਜੀਤ ਸਿੰਘ ਸਾਮਬਯਾਲ ਨੇ ਇਹ ਵੀ ਕਿਹਾ ਕਿ ਸਾਰੀਆਂ ਆਉਣ-ਜਾਣ ਵਾਲੀਆਂ ਟਰੇਨਾਂ ਅਤੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਜਾਵੇਗੀ। ਇਸ ਲਈ ਵਿਸਫੋਟਕਾਂ ਦਾ ਪਤਾ ਲਾਉਣ ਦੇ ਕੰਮ 'ਚ ਵਿਸ਼ੇਸ਼ ਰੂਪ ਨਾਲ ਸਿਖਲਾਈ ਟੀਮ ਨੂੰ ਲਾਇਆ ਗਿਆ ਹੈ। ਕੁੱਲ 46 ਦਿਨ ਤਕ ਚੱਲਣ ਵਾਲੀ ਇਹ ਧਾਰਮਿਕ ਯਾਤਰਾ ਦੋ ਰਸਤਿਆਂ ਤੋਂ ਸ਼ੁਰੂ ਹੋ ਰਹੀ ਹੈ। ਇਨ੍ਹਾਂ 'ਚ ਪਹਿਲਾ ਰਸਤਾ ਅਨੰਤਨਾਗ ਜ਼ਿਲੇ ਵਿਚ ਪਹਿਲਗਾਮ ਮਾਰਗ ਅਤੇ ਦੂਜਾ ਗੰਦੇਰਬਲ ਜ਼ਿਲੇ ਦਾ ਬਾਲਟਾਲ ਮਾਰਗ ਹੈ, ਜੋ ਪਹਿਲਗਾਮ ਮਾਰਗ ਤੋਂ ਛੋਟਾ ਹੈ। ਸਾਲਾਨਾ ਅਮਰਨਾਥ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਵੇਗੀ ਅਤੇ 15 ਅਗਸਤ ਤਕ ਚਲੇਗੀ।