15 ਅਪ੍ਰੈਲ ਤੋਂ ਅਮਰਨਾਥ ਦੀ ਯਾਤਰਾ ਲਈ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ

Tuesday, Apr 13, 2021 - 11:40 AM (IST)

ਜੰਮੂ– ਅਮਰਨਾਥ ਗੁਫਾ ਵਿਖੇ ਬਣਨ ਵਾਲੇ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨਾਂ ਨੂੰ ਲੈ ਕੇ 28 ਜੂਨ 2021 ਤੋਂ ਸ਼ੁਰੂ ਹੋਣ ਵਾਲੀ ਸਲਾਨਾ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਲਗਭਗ 56 ਦਿਨ ਚੱਲਣ ਵਾਲੀ ਅਮਰਨਾਥ ਯਾਤਰਾ 28 ਜੂਨ ਤੋਂ ਬਾਲਟਾਲ ਅਤੇ ਚੰਦਨਵਾੜੀ ਦੋਹਾਂ ਰਸਤਿਆਂ ਤੋਂ ਸ਼ੁਰੂ ਹੋਵੇਗੀ ਜੋ 22 ਅਗਸਤ ਨੂੰ ਰੱਖੜੀ ਵਾਲੇ ਦਿਨ ਖਤਮ ਹੋਵੇਗੀ। ਅਮਰਨਾਥ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਤੀਸ਼ਵਰ ਕੁਮਾਰ ਨੇ ਦੱਸਿਆ ਕਿ ਇੱਛੁਕ ਸ਼ਰਧਾਲੂ www.jksasb.nic.in ’ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 

ਇਹ ਲੋਕ ਨਹੀਂ ਕਰ ਸਕਣਗੇ ਯਾਤਰਾ
ਅਮਰਨਾਥ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਤੀਸ਼ਵਰ ਕੁਮਾਰ ਦੱਸਿਆ ਕਿ ਸ਼ਰਧਾਲੂਆਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਵੈੱਬਸਾਈਟ ਰਾਹੀਂ ਕਰਵਾਉਣੀ ਹੋਵੇਗੀ ਜਿਸ ਵਿਚ ਸਿਹਤ ਸੰਬੰਧੀ ਸਰਟੀਫਿਕੇਟ ਵੀ ਨਾਲ ਲਗਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਕਰਨ ਲਈ ਸੰਬੰਧਿਤ ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਅਧਿਕਾਰਤ ਡਾਕਟਰਾਂ ਅਤੇ ਸਿਹਤ ਸੰਸਥਾਨਾਂ ਤੋਂ 15 ਮਾਰਚ ਤੋਂ ਬਾਅਦ ਜਾਰੀ ਕੀਤੇ ਗਏ ਸਿਹਤ ਸੰਬੰਧੀ ਸਰਟੀਫਿਕੇਟ ਯੋਗ ਹੋਣਗੇ। 

ਸੀ.ਈ.ਓ. ਨੇ ਕਿਹਾ ਕਿ 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਅਤੇ 6 ਹਫਤਿਆਂ ਤੋਂ ਜ਼ਿਆਦਾ ਸਮੇਂ ਦੀਆਂ ਗਰਭਵਤੀ ਜਨਾਨੀਆਂ ਦੀ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਇਸ ਲਈ ਇਹ ਲੋਕ ਯਾਤਰਾ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਹੈਲੀਕਾਪਟਰ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਰਜਿਸਟ੍ਰੇਸ਼ਨ ਨਹੀਂ ਕਰਵਾਉਣੀ ਪਵੇਗੀ ਕਿਉਂਕਿ ਉਨ੍ਹਾਂ ਲਈ ਹੈਲੀਕਾਪਟਰ ਦੀ ਟਿਕਟ ਹੀ ਜ਼ਰੂਰੀ ਹੋਵੇਗੀ। ਦੱਸਣਯੋਗ ਹੈ ਕਿ 2 ਅਪ੍ਰੈਲ ਤੋਂ ਪੀ.ਐੱਨ.ਬੀ., ਯੈੱਸ ਬੈਂਕ ਅਤੇ ਜੇ.ਐਂਡ ਕੇ. ਦੀਆਂ ਬ੍ਰਾਂਚਾ ’ਚ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। 


Rakesh

Content Editor

Related News