ਸ਼ਰਾਬ ਤਸਕਰ ਨਿਕਲਿਆ ਇਨਫੈਕਟਿਡ, ਸਜ਼ਾ ਸੁਣਾਉਣ ਵਾਲੇ ਮੈਜਿਸਟ੍ਰੇਟ ਸਣੇ 100 ਲੋਕ ਕੁਆਰੰਟੀਨ
Tuesday, May 26, 2020 - 02:19 AM (IST)
ਤਿਰੁਅਨੰਤਪੁਰਮ (ਭਾਸ਼ਾ)- ਕਿਵੇਂ ਇਕ ਕੋਰੋਨਾ ਪੀੜਤ ਵਿਅਕਤੀ ਆਪਣੇ ਨਾਲ ਕਿੰਨੇ ਹੀ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ, ਇਸ ਦਾ ਇਕ ਦਿਲਚਸਪ ਨਮੂਨਾ ਇਕ ਘਟਨਾਕ੍ਰਮ ਦੇ ਰੂਪ ਵਿਚ ਸਾਹਮਣੇ ਆਇਆ ਹੈ। ਕਹਾਣੀ ਹੈ ਤਿਰੁਅਨੰਤਪੁਰਮ ਦੀ, ਜਿੱਥੇ ਦੋ ਦਿਨ ਪਹਿਲਾਂ ਨਾਜਾਇਜ਼ ਸ਼ਰਾਬ ਲਿਜਾ ਰਹੇ ਤਿੰਨ ਮੁਲਜ਼ਮ ਆਪਣੀ ਕਾਰ ਰਾਹੀਂ ਇਕ ਪੁਲਸ ਮੁਲਾਜ਼ਮ ਨੂੰ ਸਾਈਡ ਮਾਰਦੇ ਹੋਏ ਭੱਜ ਗਏ ਸਨ ਪਰ ਲੋਕ ਉਨ੍ਹਾਂ ਨੂੰ ਰੋਕਣ ਵਿਚ ਸਫਲ ਰਹੇ ਅਤੇ ਤਿੰਨੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਤਿੰਨੋ ਸ਼ਰਾਬ ਦੇ ਨਸ਼ੇ ਵਿਚ ਸਨ। ਤਿੰਨੋ ਮੁਲਜ਼ਮਾਂ ਦੇ ਲਾਰ ਦੇ ਨਮੂਨੇ ਲੈਣ ਤੋਂ ਬਾਅਦ ਇਨ੍ਹਾਂ ਨੂੰ ਨੇਦੂਮੰਗੜ ਦੀ ਅਦਾਲਤ ਦੇ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਜੂਡੀਸ਼ੀਅਲ ਰਿਮਾਂਡ 'ਤੇ ਪੁਜਾਪੁਰਾ ਕੇਂਦਰੀ ਜੇਲ ਭੇਜ ਦਿੱਤਾ ਸੀ।
ਐਤਵਾਰ ਨੂੰ ਜਦੋਂ ਤਿੰਨੋ ਸ਼ਰਾਬ ਮੁਲਜ਼ਮਾਂ ਦੀ ਲਾਰ ਦੀ ਰਿਪੋਰਟ ਆਈ ਤਾਂ ਉਨ੍ਹਾਂ ਵਿਚੋਂ ਇਕ ਮੁਲਜ਼ਮ ਕੋਰੋਨਾ ਪਾਜ਼ੇਟਿਵ ਨਿਕਲਿਆ। ਰਿਪੋਰਟ ਆਉਣ ਨਾਲ ਖਲਬਲੀ ਮਚ ਗਈ ਅਤੇ ਹੁਣ ਸਜ਼ਾ ਸੁਣਾਉਣ ਵਾਲੇ ਮੈਜਿਸਟ੍ਰੇਟ, ਇਕ ਸਰਕਲ ਇੰਸਪੈਕਟਰ ਸਣੇ 34 ਪੁਲਸ ਮੁਲਾਜ਼ਮ, ਜਿਸ ਹਸਪਤਾਲ ਵਿਚ ਮੁਲਜ਼ਮਾਂ ਦੇ ਲਾਰ ਦੇ ਨਮੂਨੇ ਲਏ ਗਏ ਸਨ, ਉਥੋਂ ਦੇ ਕੁਝ ਮੁਲਾਜ਼ਮਾਂ ਅਤੇ ਜੇਲ ਦੇ 12 ਅਧਿਕਾਰੀਆਂ ਸਮੇਤ ਤਕਰੀਬਨ 100 ਲੋਕਾਂ ਨੂੰ ਏਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਇਹ ਸਾਰੇ ਪੁਲਸ ਮੁਲਾਜ਼ਮ ਵੇਂਜਰਾਮੁਡੁ ਥਾਣੇ ਵਿਚ ਉਸ ਸਮੇਂ ਡਿਊਟੀ 'ਤੇ ਤਾਇਨਾਤ ਸਨ, ਜਦੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਉਥੇ ਲਿਆਂਦਾ ਗਿਆ ਸੀ।
ਇੰਝ ਫੱਸੇ ਅਭਿਨੇਤਾ ਅਤੇ ਵਿਧਾਇਕ
ਮਲਿਆਲਮ ਫਿਲਮਾਂ ਦੇ ਅਭਿਨੇਤਾ ਸੂਰਜ ਵੈਂਜਾਰਾਮੁਡੂ ਅਤੇ ਵਾਮਨਾਪੁਰਮ ਦੇ ਵਿਧਾਇਕ ਡੀ.ਕੇ. ਮੁਰਲੀ ਵੀ ਖੁਦ ਹੀ ਏਕਾਂਤਵਾਸ ਵਿਚ ਚਲੇ ਗਏ ਹਨ ਕਿਉਂਕਿ ਇਨ੍ਹਾਂ ਨੇ ਇਕ ਅਜਿਹੇ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ, ਜਿਸ 'ਚ ਸਰਕਲ ਇੰਸਪੈਕਟਰ ਵੀ ਮੌਜੂਦ ਸਨ।