ਜੰਮੂ-ਕਸ਼ਮੀਰ ਤੇ ਲੱਦਾਖ ''ਚ ਫਸੇ ਲਗਭਗ 700 ਯਾਤਰੀਆਂ ਨੂੰ ਹਵਾਈ ਫੌਜ ਨੇ ਕੀਤਾ ਏਅਰਲਿਫਟ
Saturday, Mar 09, 2024 - 06:27 PM (IST)
ਜੰਮੂ- ਹਵਾਈ ਫੌਜ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਫਸੇ ਲਗਭਗ 700 ਯਾਤਰੀਆਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਬਾਹਰ ਕੱਢਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਕੁੱਲ 514 ਯਾਤਰੀਆਂ ਨੂੰ ਦੋ ਆਈ.ਐੱਲ.-76 ਜਹਾਜ਼ਾਂ ਰਾਹੀਂ ਜੰਮੂ ਤੋਂ ਲੇਹ ਲਿਜਾਇਆ ਗਿਆ, ਜਦਕਿ 223 ਲੋਕਾਂ ਨੂੰ ਉਸੇ ਸ਼੍ਰੇਣੀ ਦੇ ਜਹਾਜ਼ ਰਾਹੀਂ ਸ੍ਰੀਨਗਰ ਤੋਂ ਲੇਹ ਲਈ ਏਅਰਲਿਫਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਇਸ ਹਫਤੇ ਲਗਭਗ 1,251 ਲੋਕਾਂ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਤੋਂ ਏਅਰਲਿਫਟ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ 331 ਯਾਤਰੀਆਂ ਨੂੰ ਏ.ਐੱਨ.-32 ਜਹਾਜ਼ ਰਾਹੀਂ ਜੰਮੂ-ਕਸ਼ਮੀਰ ਤੋਂ ਕਾਰਗਿਲ ਲਈ ਏਅਰਲਿਫਟ ਕੀਤਾ ਗਿਆ ਸੀ, ਜਿਸ ਨੂੰ ਕਾਰਗਿਲ ਕੋਰੀਅਰ ਵੀ ਕਿਹਾ ਜਾਂਦਾ ਹੈ।
ਭਾਰੀ ਬਰਫਬਾਰੀ ਕਾਰਨ 434 ਕਿਲੋਮੀਟਰ ਲੰਬੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਦੇ ਬੰਦ ਹੋਣ ਤੋਂ ਬਾਅਦ ਹਵਾਈ ਫੌਜ ਨੇ 22 ਜਨਵਰੀ ਨੂੰ ਕਾਰਗਿਲ ਕੋਰੀਅਰ ਸੇਵਾ ਸ਼ੁਰੂ ਕੀਤੀ ਸੀ। ਕਾਰਗਿਲ ਕੋਰੀਅਰ ਸੇਵਾ ਜੰਮੂ ਅਤੇ ਸ਼੍ਰੀਨਗਰ ਦੇ ਵਿਚਕਾਰ ਹਫਤੇ ਵਿੱਚ ਤਿੰਨ ਵਾਰ ਅਤੇ ਸ਼੍ਰੀਨਗਰ ਅਤੇ ਕਾਰਗਿਲ ਦੇ ਵਿੱਚ ਫਸੇ ਯਾਤਰੀਆਂ ਦੀ ਸਹੂਲਤ ਲਈ ਹਫ਼ਤੇ ਵਿੱਚ ਦੋ ਵਾਰ ਚਲਾਈ ਜਾਂਦੀ ਹੈ।