ਰਾਮ ਮੰਦਰ ਦਾ ਸੁਫ਼ਨਾ ਪੂਰਾ ਹੋਣ ''ਤੇ ਕਾਰ ਸੇਵਕ ਨੇ 32 ਸਾਲ ਬਾਅਦ ਪਾਈਆਂ ਚੱਪਲਾਂ
Monday, Jan 22, 2024 - 09:05 PM (IST)
ਮੁੰਬਈ — ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਦੇ 60 ਸਾਲਾ ਵਿਲਾਸ ਭਾਵਸਰ ਨੇ 1992 'ਚ ਸਹੁੰ ਚੁੱਕੀ ਸੀ ਕਿ ਉਹ ਅਯੁੱਧਿਆ 'ਚ ਰਾਮ ਮੰਦਰ ਬਣਨ ਤੱਕ ਜੁੱਤੀ ਨਹੀਂ ਪਹਿਨਣਗੇ। ਸੋਮਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾਣ ਤੋਂ ਬਾਅਦ ਭਵਸਾਰ ਨੇ 32 ਸਾਲਾ ਬਾਅਦ ਅੱਜ ਪਹਿਲੀ ਵਾਰ ਚੱਪਲਾਂ ਪਹਿਨੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ ਇਸ ਪਵਿੱਤਰ ਸਮਾਰੋਹ ਦੀ ਅਗਵਾਈ ਕੀਤੀ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ ਭਾਜਪਾ ਨੇਤਾ ਗਿਰੀਸ਼ ਮਹਾਜਨ ਨੇ ਸੋਮਵਾਰ ਨੂੰ ਜਲਗਾਓਂ ਜ਼ਿਲ੍ਹੇ ਦੇ ਜਾਮਨੇਰ 'ਚ ਇਕ ਪ੍ਰੋਗਰਾਮ 'ਚ ਭਵਸਾਰ ਨੂੰ ਚੱਪਲਾਂ ਦਾ ਜੋੜਾ ਦਿੱਤਾ ਅਤੇ ਭਵਸਾਰ ਨੇ ਚੱਪਲਾਂ ਪਹਿਨੀਆਂ। ਜਲਗਾਓਂ 'ਚ ਪਾਨ ਦੀ ਦੁਕਾਨ ਚਲਾਉਣ ਵਾਲੇ ਭਵਸਾਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਸਹੁੰ ਪੂਰੀ ਹੋਈ ਹੈ ਅਤੇ ਹਰ ਰਾਮ ਭਗਤ ਦਾ ਸੁਫ਼ਨਾ ਪੂਰਾ ਹੋਇਆ ਹੈ। ਭਵਸਾਰ ਨੇ ਕਿਹਾ ਕਿ 1992 'ਚ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਬਾਅਦ, ਉਸਨੇ ਅਯੁੱਧਿਆ 'ਚ 'ਉਸੇ ਜਗ੍ਹਾ' 'ਤੇ ਇੱਕ ਵਿਸ਼ਾਲ ਰਾਮ ਮੰਦਰ ਬਣਨ ਤੱਕ ਜੁੱਤੀਆਂ ਅਤੇ ਚੱਪਲਾਂ ਨਹੀਂ ਪਹਿਨਣ ਦੀ ਸਹੁੰ ਚੁੱਕੀ ਸੀ।