ਤਲਾਕ ਤੋਂ ਬਾਅਦ ਵਿਅਕਤੀ ਨੇ ਆਪਣੇ ਬੇਟੇ ''ਤੇ ਕੀਤੇ ਤਸ਼ੱਦਦ, ਬੱਚੇ ਦੇ ਸਰੀਰ ਨੂੰ ਬੀੜੀ ਨਾਲ ਸਾੜਿਆ
Thursday, Sep 08, 2022 - 10:59 AM (IST)

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ 'ਚ ਇਕ ਵਿਅਕਤੀ ਵਲੋਂ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਆਪਣੇ ਬੇਟੇ ਨੂੰ ਕਥਿਤ ਤੌਰ 'ਤੇ ਤਸੀਹੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਵਲ ਲਾਈਨ ਥਾਣੇ ਦੇ ਜਾਂਚ ਅਧਿਕਾਰੀ ਦਿਨੇਸ਼ ਨੇ ਦੱਸਿਆ ਕਿ ਬਾਲ ਭਲਾਈ ਕਮੇਟੀ (ਸੀ.ਡਬਲਿਊ.ਸੀ.) ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਜਿਸ ਦੇ ਆਧਾਰ ’ਤੇ ਪਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਅਰਬਨ ਅਸਟੇਟ ਦੇ ਰਹਿਣ ਵਾਲੇ ਪ੍ਰਵੀਨ ਦਾ ਆਪਣੀ ਪਤਨੀ ਤੋਂ ਤਲਾਕ ਹੋ ਚੁੱਕਾ ਹੈ ਅਤੇ ਅਦਾਲਤ ਨੇ 7 ਸਾਲਾ ਬੇਟੇ ਨੂੰ ਪ੍ਰਵੀਨ ਦੇ ਹਵਾਲੇ ਕਰ ਦਿੱਤਾ ਸੀ।
ਪੁਲੀਸ ਅਨੁਸਾਰ 5 ਸਤੰਬਰ ਨੂੰ ਜਦੋਂ ਮਾਂ ਬੱਚੇ ਨੂੰ ਮਿਲਣ ਪਹੁੰਚੀ ਤਾਂ ਉਸ ਨੇ ਆਪਣੇ ਪੁੱਤਰ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਅਤੇ ਬੀੜੀਆਂ ਨਾਲ ਸਾੜਨ ਦੇ ਨਿਸ਼ਾਨ ਦੇਖੇ, ਜਿਸ ’ਤੇ ਉਸ ਨੇ ਥਾਣਾ ਸਿਵਲ ਲਾਈਨ ਅਤੇ ਸੀ.ਡਬਲਿਊ.ਸੀ. ਨੂੰ ਸ਼ਿਕਾਇਤ ਕੀਤੀ। ਪੁਲਸ ਅਨੁਸਾਰ ਸੀ.ਡਬਲਿਊ.ਸੀ. ਵਲੋਂ ਪੁੱਛੇ ਜਾਣ 'ਤੇ ਬੱਚੇ ਨੇ ਦੱਸਿਆ ਕਿ ਉਸ ਦਾ ਪਿਤਾ ਉਸ ਨੂੰ ਚੱਪਲਾਂ ਨਾਲ ਕੁੱਟਦਾ ਹੈ ਅਤੇ ਬੀੜੀ ਬਾਲ ਕੇ ਉਸ ਦੇ ਸਰੀਰ 'ਤੇ ਲਗਾ ਦਿੰਦਾ ਹੈ। ਪੁਲਸ ਅਨੁਸਾਰ ਸੀ.ਡਬਲਿਊ.ਸੀ. ਨੇ ਮਾਸੂਮ ਦੀ ਮੈਡੀਕਲ ਜਾਂਚ ਕਰਵਾਈ, ਜਿਸ ਵਿਚ ਸੱਟ ਦੇ ਨਿਸ਼ਾਨਾਂ ਹੋਣ ਦੀ ਪੁਸ਼ਟੀ ਹੋਈ ਅਤੇ ਇਹ ਵੀ ਸਾਹਮਣੇ ਆਇਆ ਕਿ ਮਾਸੂਮ ਨੂੰ ਪਿਤਾ ਦੇ ਪਰਿਵਾਰ ਵੱਲੋਂ ਭਾਵਨਾਤਮਕ ਤੌਰ 'ਤੇ ਪਰੇਸ਼ਾਨ ਵੀ ਕੀਤਾ ਜਾਂਦਾ ਹੈ। ਸੀ.ਡਬਲਿਊ.ਸੀ. ਨੇ ਪੁਲਸ ਕਾਰਵਾਈ ਦੀ ਸਿਫ਼ਾਰਿਸ਼ ਕੀਤੀ। ਜਾਂਚ ਅਧਿਕਾਰੀ ਅਨੁਸਾਰ ਪੁਲਸ ਨੇ ਪ੍ਰਵੀਨ ਖ਼ਿਲਾਫ਼ ਜੁਵੇਨਾਈਲ ਜਸਟਿਸ (ਚਾਈਲਡ ਕੇਅਰ ਐਂਡ ਪ੍ਰੋਟੈਕਸ਼ਨ) ਐਕਟ ਤਹਿਤ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।