ਹੁਕਮਾਂ ਦੀ ਉਲੰਘਣਾ ਮਾਮਲੇ ਦਾ ਮੁਲਜ਼ਮ ਬਿਨਾਂ ਪਾਸਪੋਰਟ ਦੇ ਦੌੜਿਆ ਅਮਰੀਕਾ
Friday, Jan 31, 2025 - 03:02 AM (IST)
ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਇਕ ਅਜਿਹੇ ਵਿਅਕਤੀ ਦੀ ਜਾਂਚ ਅਤੇ ਗ੍ਰਿਫਤਾਰੀ ਦਾ ਹੁਕਮ ਦਿੱਤਾ ਹੈ, ਜੋ ਅਦਾਲਤੀ ਹੁਕਮਾਂ ਦੀ ਉਲੰਘਣਾ ਦੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਦਾ ਪਾਸਪੋਰਟ ਅਦਾਲਤ ’ਚ ਜਮ੍ਹਾ ਹੋਣ ਦੇ ਬਾਵਜੂਦ ਉਹ ਅਮਰੀਕਾ ਦੌੜ ਗਿਆ ਹੈ। ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਐਡੀਸ਼ਨਲ ਐਡਵੋਕੇਟ ਜਨਰਲ ਕੇ. ਐੱਮ. ਨਟਰਾਜ ਵੱਲੋਂ ਅਦਾਲਤ ਦੀ ਸਹਾਇਤਾ ਕਰਨ ਅਤੇ ਇਹ ਦੱਸਣ ਲਈ ਕਿਹਾ ਕਿ ਉਸ ਵਿਅਕਤੀ ਨੂੰ ਬਿਨਾਂ ਪਾਸਪੋਰਟ ਦੇ ਦੇਸ਼ ਤੋਂ ਬਾਹਰ ਕਿਵੇਂ ਜਾਣ ਦਿੱਤਾ ਗਿਆ।
ਬੈਂਚ ਨੇ ਕਿਹਾ, ‘‘ਅਸੀਂ ਇਸ ਗੱਲ ਤੋਂ ਹੈਰਾਨ ਹਾਂ ਕਿ ਅਦਾਲਤੀ ਹੁਕਮਾਂ ਦੀ ਕਥਿਤ ਉਲੰਘਣਾ ਕਰਨ ਵਾਲਾ/ਬਚਾਅ ਪੱਖ ਬਿਨਾਂ ਪਾਸਪੋਰਟ ਦੇ ਅਮਰੀਕਾ ਜਾਂ ਕਿਸੇ ਹੋਰ ਦੇਸ਼ ਲਈ ਕਿਵੇਂ ਰਵਾਨਾ ਹੋ ਸਕਦਾ ਹੈ, ਜਦੋਂ ਕਿ ਉਸ ਦਾ ਪਾਸਪੋਰਟ ਇਸ ਅਦਾਲਤ ਕੋਲ ਹੈ। ਜੋ ਵੀ ਹੋਵੇ, ਹੁਣ ਸਾਡੇ ਕੋਲ ਕਥਿਤ ਮੁਲਜ਼ਮ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਬੈਂਚ ਨੇ ਇਸ ਤੋਂ ਬਾਅਦ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ।