ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਜੁੜੇ 2 ਮੁਲਜ਼ਮ ਗ੍ਰਿਫ਼ਤਾਰ
Wednesday, Apr 22, 2026 - 10:48 AM (IST)
ਨਵੀਂ ਦਿੱਲੀ : ਦਿੱਲੀ ਪੁਲਸ ਨੇ ਆਈ. ਐੱਸ. ਆਈ. ਲਈ ਕੰਮ ਕਰਨ ਵਾਲੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਜੁੜੇ ਅਪਰਾਧਿਕ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਇਸ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਸ਼ਹਿਜ਼ਾਦ ਭੱਟੀ ਵੱਲੋਂ ਦਿੱਲੀ-ਐੱਨ. ਸੀ. ਆਰ. ਖੇਤਰ ’ਚ ਗੋਲੀਬਾਰੀ/ਗ੍ਰੇਨੇਡ ਹਮਲੇ ਅਤੇ ਮਿੱਥ ਕੇ ਕਤਲ ਕਰਨ ਲਈ ਰਚੀ ਗਈ ਅਪਰਾਧਿਕ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ।
ਮੁਲਜ਼ਮਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਗਵਾਲੀਅਰ ਨਿਵਾਸੀ ਰਾਜਵੀਰ (21) ਅਤੇ ਵਿਵੇਕ ਬੰਜਾਰਾ (19) ਵਜੋਂ ਹੋਈ ਹੈ। ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੇ ਡੀ. ਸੀ. ਪੀ. ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਸਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਆਈ. ਐੱਸ. ਆਈ. ਦੇ ਹੋਰ ਏਜੰਟ ਭਾਰਤ ਦੇ ਕੁਝ ਸਹਿਯੋਗੀਆਂ ਨਾਲ ਮਿਲ ਕੇ ਦਿੱਲੀ-ਐੱਨ. ਸੀ. ਆਰ. ਖੇਤਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਗ੍ਰੇਨੇਡ ਹਮਲੇ ਅਤੇ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਅਪਰਾਧਿਕ ਸਾਜ਼ਿਸ਼ ਰਚ ਰਹੇ ਹਨ।
