ਹੁਣ ਬਿਨਾਂ DAC ਦੇ ਨਹੀਂ ਮਿਲੇਗਾ ਗੈਸ ਸਿਲੰਡਰ! ਡਿਲੀਵਰੀ ਨਿਯਮਾਂ ''ਚ ਵੱਡਾ ਬਦਲਾਅ
Friday, Apr 10, 2026 - 01:51 PM (IST)
ਵੈੱਬ ਡੈਸਕ : LPG ਗੈਸ ਸਿਲੰਡਰ ਦੀ ਡਿਲੀਵਰੀ ਨੂੰ ਵਧੇਰੇ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣ ਲਈ ਸਰਕਾਰ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਹੁਣ ਉਪਭੋਗਤਾਵਾਂ ਲਈ 'ਡਿਲੀਵਰੀ ਆਥੈਂਟੀਕੇਸ਼ਨ ਕੋਡ' (DAC) ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨਵੀਂ ਵਿਵਸਥਾ ਦਾ ਮੁੱਖ ਉਦੇਸ਼ ਫਰਜ਼ੀ ਡਿਲੀਵਰੀ ਨੂੰ ਰੋਕਣਾ ਤੇ ਸਿਸਟਮ 'ਚ ਪਾਰਦਰਸ਼ਤਾ ਲਿਆਉਣਾ ਹੈ।
ਕੀ ਹੈ DAC ਤੇ ਇਹ ਕਿਉਂ ਹੈ ਜ਼ਰੂਰੀ?
DAC ਇੱਕ ਵਨ-ਟਾਈਮ ਪਾਸਵਰਡ (OTP) ਦੀ ਤਰ੍ਹਾਂ ਹੁੰਦਾ ਹੈ, ਜੋ ਸਿਲੰਡਰ ਦੀ ਡਿਲੀਵਰੀ ਤੋਂ ਪਹਿਲਾਂ ਗਾਹਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਂਦਾ ਹੈ। ਅਕਸਰ ਗਾਹਕਾਂ ਵੱਲੋਂ ਸ਼ਿਕਾਇਤਾਂ ਮਿਲਦੀਆਂ ਸਨ ਕਿ ਸਿਲੰਡਰ ਮਿਲਣ ਤੋਂ ਪਹਿਲਾਂ ਹੀ ਉਸ ਨੂੰ 'ਡਿਲੀਵਰ' ਦਿਖਾ ਦਿੱਤਾ ਜਾਂਦਾ ਸੀ ਜਾਂ ਡਿਲੀਵਰੀ ਬੁਆਏ ਵੱਲੋਂ ਕਿਸੇ ਗਲਤ ਵਿਅਕਤੀ ਨੂੰ ਸਿਲੰਡਰ ਦੇ ਦਿੱਤਾ ਜਾਂਦਾ ਸੀ। ਇਨ੍ਹਾਂ ਧੋਖਾਧੜੀਆਂ ਅਤੇ ਫਰਜ਼ੀ ਬੁਕਿੰਗਾਂ ਨੂੰ ਰੋਕਣ ਲਈ ਹੀ ਇਹ ਕੋਡ ਲਾਜ਼ਮੀ ਕੀਤਾ ਗਿਆ ਹੈ।
ਕਿਵੇਂ ਕੰਮ ਕਰੇਗਾ ਨਵਾਂ ਸਿਸਟਮ?
1. ਬੁਕਿੰਗ: ਸਭ ਤੋਂ ਪਹਿਲਾਂ ਉਪਭੋਗਤਾ ਨੂੰ ਫ਼ੋਨ, SMS, ਐਪ ਜਾਂ ਵੈੱਬਸਾਈਟ ਰਾਹੀਂ ਸਿਲੰਡਰ ਬੁੱਕ ਕਰਨਾ ਹੋਵੇਗਾ।
2. ਕੋਡ ਦੀ ਪ੍ਰਾਪਤੀ: ਜਦੋਂ ਸਿਲੰਡਰ ਡਿਲੀਵਰੀ ਲਈ ਤਿਆਰ ਹੋ ਜਾਵੇਗਾ ਅਤੇ ਡਿਲੀਵਰੀ ਬੁਆਏ ਗੋਦਾਮ ਤੋਂ ਨਿਕਲੇਗਾ ਤਾਂ ਤੁਹਾਡੇ ਰਜਿਸਟਰਡ ਮੋਬਾਈਲ 'ਤੇ ਇੱਕ DAC (OTP) ਆਵੇਗਾ।
3. ਤਸਦੀਕ: ਜਦੋਂ ਡਿਲੀਵਰੀ ਬੁਆਏ ਤੁਹਾਡੇ ਘਰ ਪਹੁੰਚੇਗਾ ਤਾਂ ਤੁਹਾਨੂੰ ਉਹ ਕੋਡ ਉਸ ਨੂੰ ਦੱਸਣਾ ਪਵੇਗਾ। ਉਹ ਇਸ ਕੋਡ ਨੂੰ ਆਪਣੀ ਡਿਵਾਈਸ 'ਚ ਦਰਜ ਕਰੇਗਾ, ਜਿਸ ਤੋਂ ਬਾਅਦ ਹੀ ਡਿਲੀਵਰੀ ਸਿਸਟਮ 'ਚ ਕਨਫਰਮ ਮੰਨੀ ਜਾਵੇਗੀ।
ਕੀਮਤਾਂ ਦੀ ਸਥਿਤੀ
ਜੇਕਰ ਕੀਮਤਾਂ ਦੀ ਗੱਲ ਕਰੀਏ ਤਾਂ 10 ਅਪ੍ਰੈਲ ਨੂੰ ਐੱਲ.ਪੀ.ਜੀ. ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 195.50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਦਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਫਿਲਹਾਲ ਸਥਿਰ ਬਣੀਆਂ ਹੋਈਆਂ ਹਨ।
ਹੁਣ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਮੋਬਾਈਲ ਨੰਬਰ ਗੈਸ ਏਜੰਸੀ ਕੋਲ ਜ਼ਰੂਰ ਅਪਡੇਟ ਰੱਖਣ ਤਾਂ ਜੋ ਸਿਲੰਡਰ ਦੀ ਡਿਲੀਵਰੀ ਵੇਲੇ ਕੋਈ ਮੁਸ਼ਕਲ ਨਾ ਆਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
