ਹੁਣ ਬਿਨਾਂ ਆਪਰੇਸ਼ਨ ਦੇ Free ਹੋਵੇਗਾ Parkinson''s ਦਾ ਇਲਾਜ ! AIIMS ਨੇ ਕੀਤਾ ਐਲਾਨ

Sunday, Apr 12, 2026 - 01:09 PM (IST)

ਹੁਣ ਬਿਨਾਂ ਆਪਰੇਸ਼ਨ ਦੇ Free ਹੋਵੇਗਾ Parkinson''s ਦਾ ਇਲਾਜ ! AIIMS ਨੇ ਕੀਤਾ ਐਲਾਨ

ਨਵੀਂ ਦਿੱਲੀ- ਦੇਸ਼ ਦੇ ਪ੍ਰਮੁੱਖ ਸਰਕਾਰੀ ਹਸਪਤਾਲ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਵਿਚ ਪਾਰਕਿੰਸਨਸ ਦੇ ਗੰਭੀਰ ਮਰੀਜ਼ਾਂ ਲਈ ਵੱਡੀ ਰਾਹਤ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਥੇ ਜਲਦੀ ਹੀ ਅਤਿ-ਆਧੁਨਿਕ ਫੋਕਸਡ ਅਲਟ੍ਰਾਸਾਊਂਡ ਥੈਰੇਪੀ ਸ਼ੁਰੂ ਕੀਤੀ ਜਾਵੇਗੀ। ਇਹ ਸਹੂਲਤ ਸ਼ੁਰੂ ਕਰਨ ਵਾਲਾ ਏਮਜ਼ ਦੇਸ਼ ਦਾ ਪਹਿਲਾ ਸਰਕਾਰੀ ਹਸਪਤਾਲ ਹੋਵੇਗਾ। ਖਾਸ ਗੱਲ ਇਹ ਹੈ ਕਿ ਸ਼ੁਰੂਆਤੀ 5 ਸਾਲਾਂ ਤੱਕ ਇਹ ਇਲਾਜ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ।

ਤਕਨੀਕ ਅਜੇ ਦੇਸ਼ ਵਿਚ ਸੀਮਤ
ਏਮਜ਼ ਦੇ ਨਿਊਰੋ ਸਰਜਰੀ ਵਿਭਾਗ ਦੇ ਮੁਖੀ ਡਾ. ਪੀ.ਐੱਸ. ਚੰਦਰਾ ਨੇ ਦੱਸਿਆ ਕਿ ਇਹ ਤਕਨੀਕ ਅਜੇ ਦੇਸ਼ ਵਿਚ ਸੀਮਤ ਹੈ ਅਤੇ ਸਿਰਫ਼ ਕੁਝ ਨਿੱਜੀ ਹਸਪਤਾਲਾਂ ਵਿਚ ਹੀ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਪਾਰਕਿੰਸਨਸ ਦੇ ਕਰੀਬ 70 ਤੋਂ 80 ਫੀਸਦੀ ਮਰੀਜ਼ ਦਵਾਈਆਂ ਨਾਲ ਕੰਟਰੋਲ ਵਿਚ ਰਹਿੰਦੇ ਹਨ, ਪਰ ਗੰਭੀਰ ਮਾਮਲਿਆਂ ਵਿਚ ਸਰਜਰੀ ਦੀ ਲੋੜ ਪੈਂਦੀ ਹੈ। ਅਜਿਹੇ ਮਰੀਜ਼ਾਂ ਲਈ ਇਹ ਨਵੀਂ ਤਕਨੀਕ ਇਕ ਕਾਰਗਰ ਬਦਲ ਸਾਬਤ ਹੋ ਸਕਦੀ ਹੈ।

ਬਿਨਾਂ ਆਪ੍ਰੇਸ਼ਨ ਦੇ ਹੋਵੇਗਾ ਇਲਾਜ
ਡਾ. ਚੰਦਰਾ ਅਨੁਸਾਰ ਇਸ ਤਕਨੀਕ ਵਿਚ ਬਿਨਾਂ ਚੀਰਾ ਲਾਏ ਅਲਟ੍ਰਾਸਾਊਂਡ ਤਰੰਗਾਂ ਰਾਹੀਂ ਦਿਮਾਗ ਦੇ ਪ੍ਰਭਾਵਿਤ ਹਿੱਸੇ ਦਾ ਇਲਾਜ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਵੱਡੇ ਆਪ੍ਰੇਸ਼ਨ ਤੋਂ ਰਾਹਤ ਮਿਲਦੀ ਹੈ ਅਤੇ ਸਰੀਰ ’ਤੇ ਸਿਰਫ਼ ਮਾਮੂਲੀ ਨਿਸ਼ਾਨ ਹੀ ਰਹਿ ਜਾਂਦਾ ਹੈ। ਏਮਜ਼ ਵਿਚ ਇਸ ਮਸ਼ੀਨ ਨੂੰ ਲਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਅਗਸਤ ਤੱਕ ਇਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਨਿੱਜੀ ਹਸਪਤਾਲਾਂ ਵਿਚ ਇਸ ਇਲਾਜ ਦਾ ਖ਼ਰਚ ਕਰੀਬ 25 ਲੱਖ ਰੁਪਏ ਤੱਕ ਹੈ, ਜਦਕਿ ਏਮਜ਼ ਵਿਚ ਇਹ ਸਹੂਲਤ ਮੁਫ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- 'ਪਾਗਲਪਨ' ਵੀ ਬਣ ਸਕਦੈ ਹਥਿਆਰ ! ਜਾਣੋ ਆਖ਼ਿਰ ਕੀ ਹੈ ਟਰੰਪ ਦੀ MadMan ਥਿਊਰੀ

ਡੀ.ਬੀ.ਐੱਸ. ਤੋਂ ਬਾਅਦ ਨਵਾਂ ਬਦਲ
ਵਰਤਮਾਨ ਵਿਚ ਡੀਪ ਬ੍ਰੇਨ ਸਟਿਮੂਲੇਸ਼ਨ (ਡੀ.ਬੀ.ਐੱਸ.) ਸਰਜਰੀ ਨਾਲ ਵੀ ਮਰੀਜ਼ਾਂ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ। ਇਸ ਵਿਚ ਦਿਮਾਗ ’ਚ ਇਲੈਕਟ੍ਰੋਡ ਲਗਾ ਕੇ ਪ੍ਰਭਾਵਿਤ ਹਿੱਸੇ ਨੂੰ ਸਰਗਰਮ ਕੀਤਾ ਜਾਂਦਾ ਹੈ, ਜਿਸ ਨਾਲ ਕਈ ਮਰੀਜ਼ ਫਿਰ ਤੋਂ ਚੱਲਣ-ਫਿਰਨ ਲੱਗਦੇ ਹਨ। ਹਾਲਾਂਕਿ, ਜਿਨ੍ਹਾਂ ਮਰੀਜ਼ਾਂ ’ਤੇ ਦਵਾਈ ਅਤੇ ਡੀ.ਬੀ.ਐੱਸ. ਦਾ ਅਸਰ ਨਹੀਂ ਹੁੰਦਾ, ਉਨ੍ਹਾਂ ਲਈ ਫੋਕਸਡ ਅਲਟ੍ਰਾਸਾਊਂਡ ਥੈਰੇਪੀ ਉਮੀਦ ਦੀ ਨਵੀਂ ਕਿਰਨ ਬਣ ਕੇ ਸਾਹਮਣੇ ਆਈ ਹੈ।

ਦੇਸ਼ ’ਚ ਸਾਢੇ ਸੱਤ ਲੱਖ ਮਰੀਜ਼
ਮਾਹਿਰਾਂ ਦੇ ਅਨੁਸਾਰ ਪਾਰਕਿੰਸਨਸ ਬੀਮਾਰੀ ਦੇ ਦੇਸ਼ ਵਿਚ ਕਰੀਬ ਸਾਢੇ ਸੱਤ ਲੱਖ ਮਰੀਜ਼ ਹਨ। ਇਸ ਦੇ ਆਮ ਲੱਛਣਾਂ ਵਿਚ ਹੱਥ-ਪੈਰ ਕੰਬਣਾ, ਚੱਲਣ ਵਿਚ ਸੁਸਤੀ ਅਤੇ ਮਾਸਪੇਸ਼ੀਆਂ ਵਿਚ ਜਕੜਨ ਸ਼ਾਮਲ ਹਨ। ਉੱਥੇ ਹੀ, ਨੀਂਦ ਵਿਚ ਹੱਥ-ਪੈਰ ਚਲਾਉਣਾ ਜਾਂ ਬੁੜਬੁੜਾਉਣਾ ਇਸ ਦੇ ਸ਼ੁਰੂਆਤੀ ਸੰਕੇਤ ਮੰਨੇ ਜਾਂਦੇ ਹਨ। ਕਰੀਬ 20 ਫੀਸਦੀ ਮਾਮਲਿਆਂ ਵਿਚ ਇਹ ਬੀਮਾਰੀ ਜੀਨ ਵਿਚ ਬਦਲਾਅ ਦੇ ਕਾਰਨ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਕਸਰਤ, ਯੋਗ ਅਤੇ ਸਰਗਰਮ ਜੀਵਨਸ਼ੈਲੀ ਨਾਲ ਇਸ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੇਣ ਧਿਆਨ ! ਕਿਤੇ ਤੁਹਾਡੀ ਡਿਗਰੀ ਹੋ ਨਾ ਜਾਏ 'ਰੱਦੀ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News