ਗਰਭਵਤੀ ਜੰਗਲਾਤ ਰੱਖਿਅਕ ਦੀ ਕੁੱਟਮਾਰ ਕਰਨ ਦੇ ਦੋਸ਼ੀ ਗ੍ਰਿਫ਼ਤਾਰ, ਮੰਤਰੀ ਨੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ

01/20/2022 2:57:53 PM

ਪੁਣੇ (ਭਾਸ਼ਾ)- ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਇਕ ਸਾਬਕਾ ਸਰਪੰਚ ਅਤੇ ਉਸ ਦੀ ਪਤਨੀ ਨੂੰ ਤਿੰਨ ਮਹੀਨੇ ਦੀ ਗਰਭਵਤੀ ਔਰਤ ਜੰਗਲਾਤ ਰੱਖਿਅਕ ਅਤੇ ਉਸ ਦੇ ਪਤੀ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਬੁੱਧਵਾਰ ਨੂੰ ਪੁਣੇ ਤੋਂ ਲਗਭਗ 120 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸਤਾਰਾ ਦੇ ਪਲਸਾਵਾੜੇ ਪਿੰਡ 'ਚ ਹੋਈ। ਪੁਲਸ ਅਨੁਸਾਰ,''ਦੋਸ਼ੀ ਸਾਬਕਾ ਸਰਪੰਚ ਸਥਾਨਕ ਜੰਗਲਾਤ ਪ੍ਰਬੰਧਨ ਕਮੇਟੀ ਦਾ ਮੈਂਬਰ ਹੈ। ਉਹ ਪੀੜਤ ਔਰਤ ਜੰਗਲਾਤ ਰੱਖਿਅਕ ਦੇ ਜੰਗਲਾਤ ਕਰਮੀਆਂ ਨੂੰ 'ਬਿਨਾਂ ਉਸ ਦੀ ਮਨਜ਼ੂਰੀ' ਦੇ ਆਪਣੇ ਨਾਲ ਲਿਜਾਉਣ ਨੂੰ ਲੈ ਕੇ ਨਾਰਾਜ਼ ਸੀ।'' ਸੋਸ਼ਲ ਮੀਡੀਆ 'ਤੇ ਇਸ ਘਟਨਾ ਨਾਲ ਜੁੜਿਆ ਵੀਡੀਓ ਵਾਇਰਲ ਹੋ ਰਿਹਾ ਹੈ। ਮਹਾਰਾਸ਼ਟਰ ਦੇ ਵਾਤਾਵਰਣ ਮੰਤਰੀ ਆਦਿੱਤਿਆ ਠਾਕਰੇ ਨੇ ਵੀਰਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਇਹ ਵੀਡੀਓ ਸਾਂਝੀ ਕੀਤੀ।

ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)

ਉਨ੍ਹਾਂ ਲਿਖਿਆ,''ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀਆਂ ਘਟਨਾਵਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।'' ਸਤਾਰਾ ਦੇ ਪੁਲਸ ਸੁਪਰਡੈਂਟ ਅਜੇ ਕੁਮਾਰ ਬੰਸਲ ਨੇ ਦੱਸਿਆ ਕਿ ਦੋਸ਼ੀ ਨੇ ਆਪਣੀ ਪਤਨੀ ਨਾਲ ਮਿਲ ਕੇ ਜਿਸ ਮਹਿਲਾ ਜੰਗਲਾਤ ਰੱਖਿਅਕ ਦੀ ਕੁੱਟਮਾਰ ਕੀਤੀ, ਉਹ ਤਿੰਨ ਮਹੀਨੇ ਦੀ ਗਰਭਵਤੀ ਹੈ। ਸਤਾਰਾ ਤਾਲੁਕ ਪੁਲਸ ਥਾਣੇ 'ਚ ਦੋਹਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਬੰਸਲ ਨੇ ਕਿਹਾ,''ਕਿਉਂਕਿ ਮਹਿਲਾ ਜੰਗਲਾਤ ਰੱਖਿਅਕ ਗਰਭਵਤੀ ਹੈ, ਲਿਹਾਜਾ ਉਸ ਦੇ ਭਰੂਣ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਜੇਕਰ ਭਰੂਣ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਹੋਵੇਗਾ ਤਾਂ ਦੋਸ਼ੀਆਂ 'ਤੇ ਸੰਬੰਧਤ ਧਾਰਾਵਾਂ ਲਗਾਈਆਂ ਜਾਣਗੀਆਂ।'' ਪੀੜਤ ਮਹਿਲਾ ਜੰਗਲਾਤ ਰੱਖਿਅਕ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦੋਸ਼ ਲਗਾਇਆ ਕਿ ਦੋਸ਼ੀ ਜੋੜੇ ਨੇ ਉਸ ਦੇ ਪਤੀ ਦੀ ਵੀ ਕੁੱਟਮਾਰ ਕੀਤੀ। ਪੀੜਤ ਦਾ ਪਤੀ ਵੀ ਜੰਗਲਾਤ ਰੱਖਿਅਕ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News