ਫਰੂਖਾਬਾਦ ''ਚ ਵਾਪਰਿਆ ਹਾਦਸਾ, ਤਿੰਨ ਮਹਿਲਾਵਾਂ ਦੀ ਮੌਤ, 25 ਜ਼ਖਮੀ
Sunday, Jul 21, 2024 - 05:33 PM (IST)
ਫਰੂਖਾਬਾਦ : ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਜਹਾਂਗੰਜ ਥਾਣਾ ਖੇਤਰ 'ਚ ਐਤਵਾਰ ਨੂੰ ਗੁਰੂ ਪੂਰਨਿਮਾ ਦੇ ਮੌਕੇ 'ਤੇ ਗੰਗਾ 'ਚ ਅਸਥੀਆਂ ਵਿਸਰਜਿਤ ਕਰ ਕੇ ਵਾਪਸ ਪਰਤਦੇ ਸਮੇਂ ਇਕ ਪਿਕਅਪ ਦੇ ਅਚਾਨਕ ਪਲਟ ਜਾਣ ਕਾਰਨ ਉਸ 'ਚ ਸਵਾਰ 28 ਸ਼ਰਧਾਲੂਆਂ 'ਚੋਂ 3 ਔਰਤਾਂ ਦੀ ਮੌਤ ਹੋ ਗਈ ਅਤੇ 25 ਲੋਕ ਜ਼ਖਮੀ ਹੋ ਗਏ।
ਪੁਲਸ ਸੂਤਰਾਂ ਨੇ ਦੱਸਿਆ ਕਿ ਇਟਾਵਾ ਜ਼ਿਲ੍ਹੇ ਦੇ ਸੈਫਈ ਭਾਲਾ ਸਾਈਆ ਨਿਵਾਸੀ ਵਿਨੋਦ (55) ਦੀ ਮੌਤ ਹੋ ਗਈ ਸੀ, ਜਿਸ ਦੀਆਂ ਅਸਥੀਆਂ ਗੁਰੂ ਪੂਰਨਿਮਾ 'ਤੇ ਗੰਗਾ 'ਚ ਵਿਸਰਜਿਤ ਕਰਨ ਤੋਂ ਬਾਅਦ ਪਰਿਵਾਰ ਵਾਲੇ ਫਾਰੂਖਾਬਾਦ ਜ਼ਿਲ੍ਹੇ ਦੇ ਪਾਂਚਾਲ ਘਾਟ ਤੋਂ ਅੱਜ ਆਪਣੇ ਘਰ ਪਿਕਅਪ ਰਾਹੀਂ ਪਰਤ ਰਹੇ ਸਨ। ਪੁਲਿਸ ਸੂਤਰਾਂ ਅਨੁਸਾਰ 28 ਸ਼ਰਧਾਲੂਆਂ ਨਾਲ ਭਰੀ ਇਹ ਤੇਜ਼ ਰਫਤਾਰ ਪਿਕਅਪ ਸਵੇਰੇ ਫਾਰੂਖਾਬਾਦ ਦੇ ਜਹਾਨਗੰਜ ਥਾਣਾ ਖੇਤਰ ਦੇ ਪਿੰਡ ਬਹੋਰਿਕਪੁਰ ਦੇ ਨੇੜੇ ਕਿਸੇ ਵਾਹਨ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਦੇ ਨਾਲ ਖੱਡ ਵਿਚ ਪਲਟ ਗਈ। ਇਸ ਹਾਦਸੇ ਵਿਚ ਪਿਕਅਪ ਵਿਚ ਸਵਾਰ ਰਾਮਕਲੀ, ਰਾਮਦੇਵੀ ਤੇ ਸੁਸ਼ੀਲਾ ਕੁਮਾਰੀ ਦੀ ਮੌਤ ਹੋ ਗਈ।
ਇਸ ਸੜਕ ਹਾਦਸੇ ਵਿਚ ਇਸੇ ਹਸਪਤਾਲ ਵਿਚ ਪਹੁੰਚੇ 25 ਜ਼ਖਮੀਆਂ ਦਾ ਵੀ ਇਲਾਜ ਸ਼ੁਰੂ ਕੀਤਾ ਗਿਆ ਹੈ। ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ ਡਾ. ਬੀਕੇ ਸਿੰਘ ਐੱਸਪੀ ਆਦਿ ਸੀਨੀਅਰ ਅਧਿਕਾਰੀ ਹਸਪਤਾਲ ਪਹੁੰਚੇ ਤੇ ਉਨ੍ਹਾਂ ਨੇ ਸਾਰੇ ਮਾਹਰ ਡਾਕਟਰਾਂ ਨੂੰ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ |