ਨਵੇਂ ਸਾਲ ’ਚ ਮਿਲੇਗਾ ਨਵਾਂ ਭਾਜਪਾ ਮੁਖੀ!
Friday, Nov 28, 2025 - 12:08 AM (IST)
ਨੈਸ਼ਨਲ ਡੈਸਕ- ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਬਿਹਾਰ ਚੋਣਾਂ ਤੋਂ ਬਾਅਦ ਆਪਣਾ ਨਵਾਂ ਕੌਮੀ ਪ੍ਰਧਾਨ ਚੁਣੇਗੀ, ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਬਦਲਾਅ ਸਾਲ ਦੇ ਅਖੀਰ ਤੋਂ ਪਹਿਲਾਂ ਪੂਰਾ ਹੋ ਜਾਵੇਗਾ। ਅਜਿਹਾ ਲੱਗਦਾ ਹੈ ਕਿ ਉਹ ਟਾਈਮਲਾਈਨ ਚੁੱਪ-ਚਾਪ ਅੱਗੇ ਖਿਸਕ ਗਈ ਹੈ। ਪਾਰਟੀ ਹੁਣ ਆਪਣੇ ਹੌਲੀ, ਯੋਜਨਾਬੱਧ ਪ੍ਰੋਗਰਾਮ ’ਤੇ ਕੰਮ ਕਰ ਰਹੀ ਹੈ ਅਤੇ ਚੋਣ ਸ਼ਾਇਦ ਜਨਵਰੀ 2026 ’ਚ ਹੀ ਹੋ ਸਕਦੀ ਹੈ। 29 ਸੂਬਿਆਂ ’ਚ ਸੰਗਠਨਾਤਮਕ ਚੋਣਾਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ, ਜਦੋਂ ਕਿ ਉੱਤਰ ਪ੍ਰਦੇਸ਼, ਕਰਨਾਟਕ ਅਤੇ ਕੁਝ ਹੋਰ ਸੂਬਿਆਂ ’ਚ ਅਜੇ ਵੀ ਚੋਣਾਂ ਬਾਕੀ ਹਨ। ਇਨ੍ਹਾਂ ਸੂਬਿਆਂ ’ਚ ਅਗਲੇ 4 ਤੋਂ 6 ਹਫਤਿਆਂ ’ਚ ਚੋਣਾਂ ਪੂਰੀਆਂ ਹੋ ਜਾਣਗੀਆਂ, ਜਿਸ ਨਾਲ ਰਾਸ਼ਟਰੀ ਚੋਣਾਂ ਲਈ ਰਸਤਾ ਸਾਫ਼ ਹੋ ਜਾਵੇਗਾ।
ਕੈਲੰਡਰ ਨੂੰ ਹੋਰ ਮੁਸ਼ਕਲ ਬਣਾਉਣ ਵਾਲਾ ਹੈ ਪੂਰਾ ਮਹੀਨਾ ਚੱਲਣ ਵਾਲਾ ਖਰਮਾਸ, ਜੋ 14 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਇਕ ਬੁਰਾ ਸਮਾਂ ਹੈ, ਜਿਸ ’ਚ ਕੋਈ ਵੱਡੀ ਨਿਯੁਕਤੀ ਨਹੀਂ ਹੁੰਦੀ ਹੈ। ਇਸ ਕਾਰਨ, ਨਵਾਂ ਪ੍ਰਧਾਨ 14 ਜਨਵਰੀ ਤੋਂ ਬਾਅਦ ਪਰ ਜਨਵਰੀ ਦੇ ਅਖੀਰ ’ਚ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੁਣਿਆ ਜਾ ਸਕਦਾ ਹੈ। ਭਾਜਪਾ ਹਾਈਕਮਾਨ ਇਸ ਕੰਮ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੀ। ਸਭ ਤੋਂ ਉੱਚੇ ਅਹੁਦੇ ਲਈ ਧਰਮਿੰਦਰ ਪ੍ਰਧਾਨ, ਭੂਪੇਂਦਰ ਯਾਦਵ, ਮਨੋਹਰ ਲਾਲ ਖੱਟੜ ਅਤੇ ਸ਼ਿਵਰਾਜ ਸਿੰਘ ਚੌਹਾਨ ਵਰਗੇ ਕਈ ਨਾਂ ਚੱਲ ਰਹੇ ਹਨ। ਪਰ ਇਕ ਮਜਬੂਤ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਜੇਕਰ ਭਾਜਪਾ ਦਲਿਤ ਵੋਟਰਾਂ ਵਿਚ ਡੂੰਘੀ ਪਕੜ ਬਣਾਉਣਾ ਚਾਹੁੰਦੀ ਹੈ, ਤਾਂ ਹੁਣ ਸਮਾਂ ਆ ਗਿਆ ਹੈ ਕਿ ਇਸ ਭਾਈਚਾਰੇ ਤੋਂ ਕਿਸੇ ਨੇਤਾ ਨੂੰ ਅੱਗੇ ਵਧਾਇਆ ਜਾਵੇ। ਇਸ ਸੰਦਰਭ ’ਚ ਯੂ. ਪੀ. ਦੇ ਉੱਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਇਕ ਸੀਰੀਅਸ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ। ਦਲਿਤ ਭਾਈਚਾਰੇ ਤੋਂ ਪਾਰਟੀ ਪ੍ਰਧਾਨ ਬਣਨ ਵਾਲੇ ਪਹਿਲੇ ਵਿਅਕਤੀ ਬੰਗਾਰੂ ਲਕਸ਼ਮਣ ਸਨ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰਸਮ ਦੇ ਅਹੁਦਾ ਛੱਡਣਾ ਪਿਆ ਸੀ। ਇਸ ਲਈ, ਭਾਜਪਾ 25 ਸਾਲ ਬਾਅਦ ਕੋਸ਼ਿਸ਼ ਕਰ ਸਕਦੀ ਹੈ।
