ਤੇਲੰਗਾਨਾ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ, ਪਰਿਵਾਰ ਨੇ ਲਾਸ਼ ਲੈਣ ਲਈ ਮਦਦ ਦੀ ਗੁਹਾਰ ਲਗਾਈ
Saturday, Aug 17, 2024 - 07:20 PM (IST)
ਹੈਦਰਾਬਾਦ - ਤੇਲੰਗਾਨਾ ਦੇ ਹਨਮਕੋੰਡਾ ਜ਼ਿਲੇ ਦੇ 32 ਸਾਲਾ ਵਿਅਕਤੀ ਦੀ ਅਮਰੀਕਾ ’ਚ ਮੌਤ ਹੋ ਗਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕੇਂਦਰ ਅਤੇ ਤੇਲੰਗਾਨਾ ਸਰਕਾਰ ਤੋਂ ਉਸ ਦੀ ਲਾਸ਼ ਨੂੰ ਵਾਪਸ ਘਰ ਲਿਆਉਣ ’ਚ ਮਦਦ ਕਰਨ ਦੀ ਬੇਨਤੀ ਕੀਤੀ। ਆਤਮਕੂਰ ਮੰਡਲ ਦੇ ਵਾਸੀ ਰਾਜੇਸ਼ ਦੀ ਅਮਰੀਕਾ ਦੇ ਮਿਸਿਸਿੱਪੀ ’ਚ ਮੌਤ ਹੋ ਗਈ। ਅਮਰੀਕਾ ’ਚ ਰਹਿ ਰਹੇ ਉਨ੍ਹਾਂ ਦੇ ਕੁਝ ਦੋਸਤਾਂ ਨੇ ਵੀਰਵਾਰ ਨੂੰ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਰਾਜੇਸ਼ ਦੀ ਮੌਤ 14 ਅਗਸਤ ਨੂੰ ਹੋਈ ਸੀ। ਹਾਲਾਂਕਿ, ਪਰਿਵਾਰ ਮੌਤ ਬਾਰੇ ਸਪੱਸ਼ਟਤਾ ਦੀ ਉਡੀਕ ਕਰ ਰਿਹਾ ਹੈ। ਰਾਜੇਸ਼ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਸ਼ੋਕਗ੍ਰਸਤ ਹਨ।
ਪਰਿਵਾਰ ਦੇ ਮੈਂਬਰਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਫੋਨ ਰਾਹੀਂ ਰਾਜੇਸ਼ ਦੀ ਮੌਤ ਦੀ ਜਾਣਕਾਰੀ ਮਿਲੀ ਅਤੇ ਲਾਸ਼ ਲੈਣ ਨੂੰ ਕਿਹਾ ਗਿਆ। ਅਸੀਂ ਕੇਂਦਰ ਅਤੇ ਰਾਜ ਸਰਕਾਰ ਤੋਂ ਰਾਜੇਸ਼ ਦੀ ਲਾਸ਼ ਨੂੰ ਵਾਪਸ ਲਿਆਉਣ ’ਚ ਮਦਦ ਕਰਨ ਦੀ ਬੇਨਤੀ ਕਰਦੇ ਹਾਂ।'' ਰਾਜੇਸ਼ ਦੇ ਚਾਚਾ ਬਿਕਸ਼ਾਪਤੀ ਨੇ ਕਿਹਾ ਕਿ ਰਾਜੇਸ਼ ਦਾ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ ਤੇ ਉਹ ਅਮਰੀਕਾ ਜਾਣ ਦੀ ਸਥਿਤੀ ’ਚ ਨਹੀਂ ਹਨ। ਉਨ੍ਹਾਂ ਨੇ ਰਾਜੇਸ਼ ਦੀ ਲਾਸ਼ ਨੂੰ ਉਸ ਦੇ ਜੱਦੀ ਸਥਾਨ ’ਤੇ ਲਿਆਂਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਤੋਂ ਮਦਦ ਦੀ ਬੇਨਤੀ ਕੀਤੀ। ਉਨ੍ਹਾਂ ਦੇ ਚਾਚਾ ਨੇ ਦੱਸਿਆ ਕਿ ਹਨਮਕੋੰਡਾ ਤੋਂ ਐਮ ਫਾਰਮਾ ਦੀ ਪੜਾਈ ਪੂਰੀ ਕਰਨ ਦੇ ਬਾਅਦ ਰਾਜੇਸ਼ 2016 ’ਚ ਅਮਰੀਕਾ ਚਲੇ ਗਏ ਸਨ ਜਿੱਥੇ ਉਨ੍ਹਾਂ ਨੇ ਐਮਐਸ ਕੀਤੀ ਅਤੇ ਉੱਥੇ ਹੀ ਨੌਕਰੀ ਕੀਤੀ ਪਰ ਬਾਅਦ ’ਚ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਨੌਕਰੀ ਚਲੀ ਗਈ।