RTI ਰਾਹੀਂ ਹੋਇਆ ਖੁਲਾਸਾ : ਦਿੱਲੀ ਦੇ 90 ਫ਼ੀਸਦੀ ਸਰਕਾਰੀ ਸਕੂਲਾਂ ''ਚ ਨਹੀਂ ਹੈ ਪੰਜਾਬੀ ਅਧਿਆਪਕ

10/14/2022 7:26:21 PM

ਨੈਸ਼ਨਲ ਡੈਸਕ : ਦਿੱਲੀ ਦੀ ਦੂਸਰੀ ਅਧਿਕਾਰਤ ਰਾਜਭਾਸ਼ਾ ਪੰਜਾਬੀ ਦੇ ਦਿੱਲੀ ਦੇ 90 ਫ਼ੀਸਦੀ ਸਰਕਾਰੀ ਸਕੂਲਾਂ 'ਚ ਅਧਿਆਪਕ ਮੌਜੂਦ ਨਹੀਂ ਹਨ। ਜਦਕਿ ਵਿੱਤੀ ਵਰ੍ਹੇ 2021-22 'ਚ ਪੰਜਾਬੀ ਭਾਸ਼ਾ ਨੂੰ ਹੁਲਾਰਾ ਦੇਣ ਦੇ ਨਾਂ 'ਤੇ ਦਿੱਲੀ ਸਰਕਾਰ ਤੋਂ 40 ਕਰੋੜ ਰੁਪਏ ਦਾ ਬਜਟ ਪ੍ਰਾਪਤ ਕਰਨ ਵਾਲੀ ਪੰਜਾਬੀ ਅਕਾਦਮੀ ਨੇ ਫ਼ਿਲਹਾਲ 71 ਪੰਜਾਬੀ ਅਧਿਆਪਕਾਂ ਨੂੰ ਠੇਕੇ ਦੇ ਆਧਾਰ 'ਤੇ ਅਤੇ 185 ਨੂੰ ਅਸਥਾਈ ਆਧਾਰ 'ਤੇ ਨਿਯੁਕਤ ਕੀਤਾ ਹੋਇਆ ਹੈ। ਇਸ ਹਿਸਾਬ ਨਾਲ ਦਿੱਲੀ ਦੇ ਕੁੱਲ੍ਹ 2795 ਸਰਕਾਰੀ ਸਕੂਲਾਂ 'ਚੋਂ ਸਿਰਫ਼ 256 ਸਕੂਲਾਂ ਨੂੰ ਪੰਜਾਬੀ ਅਕਾਦਮੀ ਵੱਲੋਂ ਪੜ੍ਹਾਉਣ ਲਈ ਅਧਿਆਪਕ ਦਿੱਤੇ ਗਏ ਹਨ।

ਪੰਜਾਬੀ ਅਕਾਦਮੀ ਵੱਲੋਂ ਕਿਸੇ ਵੀ ਪੰਜਾਬੀ ਅਧਿਆਪਕ ਦੀ ਪੱਕੀ ਭਰਤੀ ਨਹੀਂ ਕੀਤੀ ਗਈ। ਇਕ ਆਰ. ਟੀ. ਆਈ. ਜਵਾਬ ਰਾਹੀਂ ਇਹ ਖੁਲਾਸਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਪੰਜਾਬੀ ਭਾਸ਼ਾ ਕਾਰਕੁੰਨ’ ਡਾ: ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 14 ਸਤੰਬਰ ਨੂੰ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਤੋਂ ਪੰਜਾਬੀ ਅਧਿਆਪਕਾਂ ਅਤੇ ਪੰਜਾਬੀ ਅਕਾਦਮੀ ਦੀ ਗਿਣਤੀ ਸਬੰਧੀ ਆਰ. ਟੀ. ਆਈ. ਪਾ ਕੇ 8 ਸਵਾਲ ਪੁੱਛੇ ਸਨ। ਪਰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਸਿੱਖਿਆ ਵਿਭਾਗ ਨੇ ਆਰ. ਟੀ. ਆਈ. ਪੰਜਾਬੀ ਅਕਾਦਮੀ ਨੂੰ ਭੇਜ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਆਬਕਾਰੀ ਨੀਤੀ : ED ਨੇ ਰਾਸ਼ਟਰੀ ਰਾਜਧਾਨੀ 'ਚ 25 ਥਾਂਵਾਂ 'ਤੇ ਮਾਰੇ ਛਾਪੇ

"ਵਾਰਿਸ ਵਿਰਸੇ ਦੇ" ਜਥੇਬੰਦੀ ਦੇ ਪ੍ਰਧਾਨ ਡਾ. ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਅਕਾਦਮੀ ਵੱਲੋਂ 10 ਅਕਤੂਬਰ ਨੂੰ ਉਨ੍ਹਾਂ ਨੂੰ ਜਾਰੀ ਜਵਾਬ 'ਚ ਦੱਸਿਆ ਗਿਆ ਹੈ ਕਿ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੂਲਾਂ 'ਚ 71 ਅਤੇ ਦਿੱਲੀ ਨਗਰ ਨਿਗਮ ਦੇ ਸਕੂਲਾਂ 'ਚ 185 ਕੱਚੇ ਪੰਜਾਬੀ ਭਾਸ਼ਾ ਦੇ ਅਧਿਆਪਕ ਮੁਹੱਈਆ ਕਰਵਾਏ ਜਾ ਰਹੇ ਹਨ। ਜਦਕਿ ਪੱਕੇ ਪੰਜਾਬੀ ਅਧਿਆਪਕਾਂ ਦੀ ਮੌਜੂਦਗੀ ਅਤੇ ਭਰਤੀ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਪੰਜਾਬੀ ਅਕਾਦਮੀ ਦਾ ਰਵੱਈਆ ਨਾਂਹ-ਪੱਖੀ ਰਿਹਾ।

ਪੰਜਾਬੀ ਅਕਦਾਮੀ ਦੇ ਭਾਰੀ ਬਜਟ ਦੇ ਬਾਵਜੂਦ ਅਕਾਦਮੀ ਦੇ ਪ੍ਰਦਰਸ਼ਨ ਨੂੰ ਘੱਟ ਕਹਿੰਦਿਆਂ ਡਾ. ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਦਿੱਲੀ 'ਚ ਕੁੱਲ੍ਹ 2795 ਸਰਕਾਰੀ ਸਕੂਲ ਹਨ, ਜਿਸ ਵਿਚ ਸਿੱਖਿਆ ਵਿਭਾਗ ਦੇ 1027, ਦਿੱਲੀ ਨਗਰ ਨਿਗਮ ਦੇ 1705, ਨਵੀਂ ਦਿੱਲੀ ਨਗਰ ਪਾਲਿਕਾ ਪ੍ਰੀਸ਼ਦ ਦੇ 51 ਅਤੇ ਦਿੱਲੀ ਛਾਉਣੀ ਬੋਰਡ ਪ੍ਰੀਸ਼ਦ ਦੇ 12 ਸਕੂਲ ਸ਼ਾਮਲ ਹਨ। 2017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ, ਦਿੱਲੀ ਸਰਕਾਰ ਨੇ ਸਿੱਖਿਆ ਵਿਭਾਗ ਦੇ ਸਾਰੇ ਸਕੂਲਾਂ 'ਚ ਇਕ ਪੰਜਾਬੀ ਅਤੇ ਇਕ ਉਰਦੂ ਅਧਿਆਪਕ ਰੱਖਣ ਲਈ ਅਖਬਾਰਾਂ 'ਚ ਵਿਗਿਆਪਨ ਦਿੱਤੇ ਸਨ। ਪਰ 5 ਸਾਲ ਬਾਅਦ ਵੀ 90 ਫ਼ੀਸਦੀ ਸਕੂਲਾਂ 'ਚ ਪੰਜਾਬੀ ਅਧਿਆਪਕ ਮੌਜੂਦ ਨਹੀ ਹਨ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਸਰਕਾਰ ਨੇ ਛਠ ਪੂਜਾ ਲਈ 25 ਕਰੋੜ ਰੁਪਏ ਕੀਤੇ ਅਲਾਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪਿਛਲੇ 15 ਸਾਲ ਦਾ ਪੰਜਾਬੀ ਅਕਾਦਮੀ ਦਾ ਆਡਿਟ ਕਰਵਾਉਣ ਦੀ ਮੰਗ ਕਰਦਿਆਂ ਡਾ. ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਮੰਗ ਸਾਬਕਾ ਵਿਧਾਇਕ ਮਰਹੂਮ ਭਾਈ ਜਰਨੈਲ ਸਿੰਘ ਨੇ ਵੀ ਚੁੱਕੀ ਸੀ, ਜਦੋਂ ਉਹ ਪੰਜਾਬੀ ਅਕਾਦਮੀ ਦੇ ਉੁਪ ਪ੍ਰਧਾਨ ਬਣੇ ਸਨ। ਮੌਜੂਦਾ ਸਮੇਂ ਪੰਜਾਬੀ ਅਕਾਦਮੀ ਕੁੱਝ ਚੋਣਵੇਂ ਗਾਇਕਾਂ ਦੇ ਸਮਾਗਮ ਕਰਵਾਉਣ ਤੋਂ ਇਲਾਵਾ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਕੋਈ ਰੋਡਮੈਪ ਪੇਸ਼ ਨਹੀ ਕਰ ਪਾਈ। ਅਕਦਾਮੀ ਦੇ ਕੰਮ 'ਚ ਵੱਧਦੀ ਰਾਜਨੀਤਿਕ ਦਖ਼ਲਅੰਦਾਜ਼ੀ ਨੇ ਪੰਜਾਬੀ ਅਕਾਦਮੀ ਦਾ ਪੱਧਰ ਨੀਵਾਂ ਕਰ ਦਿੱਤਾ ਹੈ।


Manoj

Content Editor

Related News