ਅਟਲ ਸੁਰੰਗ ਪਹੁੰਚੇ ਰਿਕਾਰਡ ਸੈਲਾਨੀ, 38 ਦਿਨਾਂ ''ਚ 9.25 ਲੱਖ ਸੈਲਾਨੀਆਂ ਨੇ ਮਾਣਿਆ ਖੂਬਸੂਰਤ ਵਾਦੀਆਂ ਦਾ ਆਨੰਦ

06/10/2023 12:02:44 PM

ਸ਼ਿਮਲਾ- ਹਿਮਾਚਲ 'ਚ ਉੱਚੇ ਰੋਹਤਾਂਗ ਦਰੱਰੇ ਦੇ ਹੇਠਾਂ ਬਣੀ ਅਟਲ ਸੁਰੰਗ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਵੱਡੀ ਗਿਣਤੀ 'ਚ ਸੈਲਾਨੀ ਅਟਲ ਸੁਰੰਗ ਵੇਖਣ ਪਹੁੰਚ ਰਹੇ ਹਨ। ਮਹਿਜ 38 ਦਿਨਾਂ ਵਿਚ 9.25 ਲੱਖ ਲੋਕਾਂ ਨੇ ਖੂਬਸੂਰਤ ਵਾਦੀਆਂ ਦਾ ਆਨੰਦ ਮਾਣਿਆ। ਜੂਨ ਦੇ ਪਹਿਲੇ ਹਫ਼ਤੇ 2 ਲੱਖ ਤੋਂ ਜ਼ਿਆਦਾ ਸੈਲਾਨੀ ਅਟਲ ਸੁਰੰਗ ਵੇਖਣ ਪਹੁੰਚੇ। ਮਈ ਮਹੀਨੇ 'ਚ 7 ਲੱਖ ਤੋਂ ਵਧੇਰੇ ਸੈਲਾਨੀਆਂ ਨੇ ਅਟਲ ਸੁਰੰਗ ਪਹੁੰਚ ਕੇ ਇੱਥੋਂ ਦੀਆਂ ਖੂਬਸੂਰਤ ਵਾਦੀਆਂ ਨੂੰ ਵੇਖਿਆ। 

ਦੱਸ ਦੇਈਏ ਕਿ ਅਟਲ ਸੁਰੰਗ ਬਣਨ ਮਗਰੋਂ ਸੈਲਾਨੀਆਂ ਦਾ ਇੱਥੇ ਹੁਣ ਤੱਕ ਦਾ ਇਹ ਰਿਕਾਰਡ ਅੰਕੜਾ ਹੈ। ਅਟਲ ਸੁਰੰਗ 'ਚ ਰਿਕਾਰਡ ਸੈਲਾਨੀਆਂ ਦੇ ਪਹੁੰਚਣ ਦੀ ਵੱਡੀ ਵਜ੍ਹਾ 15 ਮਈ ਤੱਕ ਕੁੱਲੂ ਦੇ ਉੱਚੇ ਖੇਤਰਾਂ 'ਚ ਬਰਫ਼ਬਾਰੀ ਦਾ ਪੈਣਾ ਹੈ। ਅਟਲ ਸੁਰੰਗ ਦਾ ਅਕਤੂਬਰ 2020 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀ। ਸੈਲਾਨੀਆਂ ਲਈ ਇਹ ਉਦੋਂ ਤੋਂ ਖਿੱਚ ਦਾ ਕੇਂਦਰ ਬਣ ਗਈ। ਖ਼ਾਸ ਕਰ ਕੇ ਲਾਹੌਲ ਘਾਟੀ ਦੇ ਲੋਕਾਂ ਦੀ 12 ਮਹੀਨੇ ਆਵਾਜਾਈ ਵੀ ਆਸਾਨ ਹੋਈ ਕਿਉਂਕਿ ਰੋਹਤਾਂਗ ਦਰੱਰੇ 'ਚ ਭਾਰੀ ਬਰਫ਼ਬਾਰੀ ਕਾਰਨ ਲਾਹੌਲ ਘਾਟੀ ਦੇ ਲੋਕਾਂ ਦਾ 5 ਤੋਂ 7 ਮਹੀਨੇ ਤੱਕ ਕੁੱਲੂ ਜ਼ਿਲ੍ਹੇ ਨਾਲ ਸੰਪਰਕ ਕੱਟ ਜਾਂਦਾ ਸੀ।

ਓਧਰ ਕੁੱਲੂ ਪੁਲਸ ਮੁਤਾਬਕ ਇਸ ਸਾਲ 1 ਤੋਂ 7 ਜੂਨ ਤੱਕ 29,150 ਛੋਟੀਆਂ-ਵੱਡੀਆਂ ਗੱਡੀਆਂ ਅਟਲ ਸੁਰੰਗ ਪਹੁੰਚੀਆਂ, ਜਦਕਿ 2022 'ਚ ਇਸ ਸਮੇਂ ਦੌਰਾਨ 25,238 ਗੱਡੀਆਂ ਆਈਆਂ ਸਨ। ਯਾਨੀ  ਕਿ ਇਸ ਸਾਲ 4272 ਗੱਡੀਆਂ ਜ਼ਿਆਦਾ ਪਹੁੰਚੀਆਂ ਹਨ। ਬੀਤੇ ਸਾਲ ਮਈ ਮਹੀਨੇ 'ਚ 79,473 ਗੱਡੀਆਂ ਅਤੇ ਇਸ ਸਾਲ 1,02,521 ਗੱਡੀਆਂ ਅਟਲ ਸੁਰੰਗ ਆਈਆਂ। ਇਸ ਵਾਰ ਮਈ ਦੀ ਗਰਮੀ ਤੋਂ ਬਚਣ ਲਈ 23,048 ਤੋਂ ਵਧੇਰੇ ਵਾਹਨਾਂ ਵਿਚ ਸੈਲਾਨੀ ਅਟਲ ਸੁਰੰਗ ਵੇਖਣ ਆਏ। 


Tanu

Content Editor

Related News