ਸੂਰਤ ''ਚ ਢਾਹਿਆ ਗਿਆ 85 ਮੀਟਰ ਉੱਚਾ ''ਕੂਲਿੰਗ ਟਾਵਰ, 220 ਕਿਲੋਗ੍ਰਾਮ ਵਿਸਫ਼ੋਟਕ ਹੋਇਆ ਇਸਤੇਮਾਲ

Tuesday, Mar 21, 2023 - 02:15 PM (IST)

ਸੂਰਤ (ਭਾਸ਼ਾ)- ਗੁਜਰਾਤ ਦੇ ਸੂਰਤ ਸ਼ਹਿਰ 'ਚ ਸਥਿਤ ਇਕ ਬਿਜਲੀਘਰ ਦੇ 30 ਸਾਲ ਪੁਰਾਣੇ 'ਕੂਲਿੰਗ ਟਾਵਰ' ਨੂੰ ਮੰਗਲਵਾਰ ਨੂੰ ਵਿਸਫ਼ੋਟ ਰਾਹੀਂ ਢਾਹ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਗੈਸ ਨਾਲ ਚੱਲਣ ਵਾਲੇ 'ਉਤਰਨ ਤਾਪ ਬਿਜਲੀ ਪਲਾਂਟ' ਦੇ ਕਰੀਬ 72 ਮੀਟਰ ਵਿਆਸ ਅਤੇ 85 ਮੀਟਰ ਉੱਚੇ ਆਰ.ਸੀ.ਸੀ. ਟਾਵਰ ਨੂੰ ਸਵੇਰੇ ਕਰੀਬ 11.10 ਵਜੇ ਢਾਹਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਢਾਹੁਣ ਲਈ 220 ਕਿਲੋਗ੍ਰਾਮ ਵਿਸਫ਼ੋਟਕ ਦਾ ਇਸਤੇਮਾਲ ਕੀਤਾ ਗਿਆ। ਟਾਵਰ 7  ਸਕਿੰਟ ਦੇ ਅੰਦਰ ਇਕ ਤੇਜ਼ ਆਵਾਜ਼ ਨਾਲ ਹੇਠਾਂ ਡਿੱਗ ਗਿਆ, ਜਿਸ ਨਾਲ ਧੂੜ ਦੀ ਇਕ ਮੋਟੀ ਪਰਤ ਫੈਲ ਗਈ। ਚੌਕਸੀ ਵਜੋਂ ਲੋਕਾਂ ਨੂੰ ਟਾਵਰ ਤੋਂ ਕਰੀਬ 250-300 ਮੀਟਰ ਦੀ ਦੂਰੀ 'ਤੇ ਰੱਖਣ ਲਈ ਬਿਜਲੀ ਘਰ ਦੇ ਨੇੜੇ-ਤੇੜੇ ਦੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ।

ਇਹ ਬਿਜਲੀ ਘਰ ਤਾਪੀ ਨਦੀ ਦੇ ਕਿਨਾਰੇ ਸਥਿਤ ਹੈ। ਇਕ ਅਧਿਕਾਰੀ ਨੇ ਕਿਹਾ ਕਿ ਟਾਵਰ ਦੇ ਕਾਲਮ ਦੀ ਖੋਦਾਈ ਤੋਂ ਬਾਅਦ ਵਿਸਫ਼ੋਟਕ ਲਗਾਏ ਗਏ ਅਤੇ ਇਸ 'ਚ ਮਾਹਿਰਾਂ ਦੀ ਮਦਦ ਲਈ ਗਈ। ਇੰਚਾਰਜ ਇੰਜੀਨੀਅਰ ਆਰ.ਆਰ. ਪਟੇਲ ਨੇ ਕਿਹਾ,''ਇਹ ਟਾਵਰ ਗੁਜਰਾਤ ਰਾਜ ਬਿਜਲੀ ਨਿਗਮ ਦੇ 135 ਮੈਗਾਵਾਟ ਬਿਜਲੀ ਪਲਾਂਟ ਦਾ ਹਿੱਸਾ ਸੀ ਅਤੇ ਇਸ ਦਾ ਇਸਤੇਮਾਲ ਕੂਲਿੰਗ ਉਦੇਸ਼ਾਂ ਲਈ ਕੀਤਾ ਜਾਂਦਾ ਸੀ। ਇਸ ਦੀ ਉੱਚਾਈ 85 ਮੀਟਰ ਸੀ, ਜਿਸ ਦਾ ਹੇਠਲਾ ਵਿਆਸ 72 ਮੀਟਰ ਸੀ।'' ਪਟੇਲ ਨੇ ਕਿਹਾ ਕਿ ਸਤੰਬਰ 2021 'ਚ ਟਾਵਰ ਢਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਇਸ ਦੇ ਬਾਇਲਰ, ਜਨਰੇਟਰ, ਟਰਬਾਈਨ ਅਤੇ ਟਰਾਂਸਫਾਰਮਰ ਨੂੰ ਤੋੜ ਦਿੱਤਾ ਗਿਆ ਸੀ। ਇਸ ਟਾਵਰ ਦਾ ਨਿਰਮਾਣ 1993 'ਚ ਕੀਤਾ ਗਿਆ ਸੀ।


DIsha

Content Editor

Related News