ਮੈਚ ਦੇਖਣ ਪੁੱਜਾ 8 ਫੁੱਟ ਲੰਬਾ ਅਫਗਾਨ ਕ੍ਰਿਕਟ ਪ੍ਰਸ਼ੰਸਕ, ਹੋਟਲ 'ਚ ਕਮਰੇ ਲਈ ਲੈਣੀ ਪਈ ਪੁਲਸ ਦੀ ਮਦਦ
Friday, Nov 08, 2019 - 10:15 AM (IST)

ਲਖਨਊ (ਭਾਸ਼ਾ)— 8 ਫੁੱਟ 2 ਇੰਚ ਲੰਬਾ ਅਫਗਾਨ ਕ੍ਰਿਕਟ ਪ੍ਰਸ਼ੰਸਕ ਅਫਗਾਨਿਸਤਾਨ-ਵੈਸਟਇੰਡੀਜ਼ ਕ੍ਰਿਕਟ ਮੈਚ 'ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਕ੍ਰਿਕਟ ਪ੍ਰਸ਼ੰਸਕ ਉਸ ਸਮੇਂ ਸੁਰਖੀਆਂ 'ਚ ਆਇਆ, ਜਦੋਂ ਉਸ ਦੀ ਵੱਧ ਲੰਬਾਈ ਨੂੰ ਦੇਖ ਕੇ ਉਸ ਨੂੰ ਹੋਟਲਾਂ ਵਿਚ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਕਾਬੁਲ ਦੇ ਰਹਿਣ ਵਾਲੇ ਸ਼ੇਰ ਖਾਨ ਦੀ ਲੰਬਾਈ ਨੂੰ ਦੇਖਦੇ ਹੋਏ ਹੋਟਲ ਮਾਲਕਾਂ ਨੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ ਪੁਲਸ ਦੀ ਦਖਲ ਅੰਦਾਜ਼ੀ ਤੋਂ ਬਾਅਦ ਸ਼ੇਰ ਖਾਨ ਨੂੰ ਕਮਰਾ ਮਿਲ ਗਿਆ। ਸ਼ੇਰ ਖਾਨ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਪਹੁੰਚਿਆ। ਉਹ ਇੱਥੇ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਵਿਚਾਲੇ ਕ੍ਰਿਕਟ ਮੈਚ ਦੇਖਣ ਆਇਆ ਹੈ। ਉਸ ਦੀ ਲੰਬਾਈ ਨੂੰ ਦੇਖਦੇ ਹੋਏ ਰਾਜਧਾਨੀ ਦੇ ਹੋਟਲ ਮਾਲਕਾਂ ਨੇ ਉਸ ਨੂੰ ਆਪਣਾ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਰੇਸ਼ਾਨ ਸ਼ੇਰ ਖਾਨ ਨਾਕਾ ਥਾਣੇ ਪਹੁੰਚਿਆ ਅਤੇ ਮਦਦ ਮੰਗੀ।
ਇਸ ਸੰਬੰਧ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਸ਼ੇਰ ਖਾਨ ਸਾਡੇ ਕੋਲ ਮਦਦ ਮੰਗਣ ਆਇਆ, ਕਿਉਂਕਿ ਉਸ ਦੀ ਲੰਬਾਈ ਕਾਰਨ ਕੋਈ ਵੀ ਹੋਟਲ ਮਾਲਕ ਉਸ ਨੂੰ ਕਮਰਾ ਨਹੀਂ ਦੇ ਰਿਹਾ ਸੀ। ਪੁਲਸ ਨੇ ਉਸ ਦੇ ਪਾਸਪੋਰਟ ਅਤੇ ਵੀਜ਼ਾ ਦੀ ਜਾਂਚ ਕੀਤੀ ਜੋ ਕਿ ਸਭ ਠੀਕ ਹਨ। ਸ਼ੇਰ ਖਾਨ ਇਕਾਨਾ ਸਟੇਡੀਅਮ ਵਿਚ ਮੈਚ ਦੇਖਣ ਪਹੁੰਚਿਆ ਅਤੇ ਦਰਸ਼ਕਾਂ ਵਿਚਾਲੇ ਖਿੱਚ ਦਾ ਕੇਂਦਰ ਬਣਿਆ ਰਿਹਾ। ਕ੍ਰਿਕਟ ਪ੍ਰਸ਼ੰਸਕਾਂ ਨੇ ਉਸ ਨਾਲ ਸੈਲਫੀ ਲਈ।