ਸੱਸ ਨੇ ਸਾੜੀ ਨੂੰਹ, ਪੋਤੀ ਦੀ ਗਵਾਹੀ ''ਤੇ 76 ਸਾਲਾ ਦਾਦੀ ਨੂੰ ਹੋਈ ਉਮਰ ਕੈਦ

Thursday, Dec 19, 2024 - 03:55 PM (IST)

ਸੱਸ ਨੇ ਸਾੜੀ ਨੂੰਹ, ਪੋਤੀ ਦੀ ਗਵਾਹੀ ''ਤੇ 76 ਸਾਲਾ ਦਾਦੀ ਨੂੰ ਹੋਈ ਉਮਰ ਕੈਦ

ਠਾਣੇ- 6 ਸਾਲ ਪਹਿਲਾਂ 10 ਸਾਲ ਦੀ ਬੱਚੀ ਇਕ ਭਿਆਨਕ ਕਤਲੇਆਮ ਦੀ ਗਵਾਹ ਬਣੀ ਸੀ, ਜਿਸ ਵਿਚ ਉਸ ਦੀ ਦਾਦੀ ਨੇ ਉਸ ਦੀ ਮਾਂ 'ਤੇ ਮਿੱਟੀ ਦਾ ਤੇਲ ਝਿੜਕ ਕੇ ਅੱਗ ਲਾ ਦਿੱਤੀ ਸੀ। ਹੁਣ ਠਾਣੇ ਸੈਸ਼ਨ ਅਦਾਲਤ ਨੇ 10 ਸਾਲਾ ਪੋਤੀ ਦੀ ਗਵਾਹੀ ਦੇ ਆਧਾਰ 'ਤੇ ਉਸ ਦੀ 76 ਸਾਲਾ ਦਾਦੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 6 ਸਾਲ ਪਹਿਲਾਂ ਬੱਚੀ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀ ਘਟਨਾ ਨੂੰ ਵੇਖਿਆ ਸੀ ਅਤੇ ਇਸ ਮਾਮਲੇ ਵਿਚ ਉਹ ਇਕਮਾਤਰ ਚਸ਼ਮਦੀਦ ਗਵਾਹ ਸੀ। ਸੈਸ਼ਨ ਜੱਜ ਡੀ. ਐੱਸ. ਦੇਸ਼ਮੁੱਖ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਜਮਨਾਬੇਨ ਮੰਗਲਦਾਸ ਮਾਂਗੇ ਖਿਲਾਫ਼ ਲੱਗੇ ਦੋਸ਼ਾਂ ਨੂੰ ਸਾਬਤ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਅਦਾਲਤ ਨੇ ਹਾਲਾਂਕਿ ਮ੍ਰਿਤਕਾਂ ਦੇ ਪਤੀ ਅਸ਼ੋਕ ਮਾਂਗੇ (40) ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ। ਜੱਜ ਨੇ ਬਜ਼ੁਰਗ ਔਰਤ 'ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ, ਜਿਸ ਨੂੰ ਮੁਆਵਜ਼ੇ ਦੇ ਤੌਰ 'ਤੇ ਬੱਚੀ ਨੂੰ ਦਿੱਤਾ ਜਾਵੇਗਾ। ਵਧੀਕ ਸਰਕਾਰੀ ਵਕੀਲ ਸੰਧਿਆ ਐਚ. ਮਹਾਤਰੇ ਨੇ ਅਦਾਲਤ ਨੂੰ ਦੱਸਿਆ ਕਿ ਅਸ਼ੋਕ ਮਾਂਗੇ ਨਾਲ ਵਿਆਹੀ ਦਕਸ਼ਾ ਮਾਂਗੇ (30) ਨੂੰ ਉਸ ਦੀ ਸੱਸ ਜਮਨਾਬੇਨ ਮਾਂਗੇ ਤੰਗ ਪ੍ਰੇਸ਼ਾਨ ਕਰ ਰਹੀ ਸੀ। ਸਰਕਾਰੀ ਵਕੀਲ ਨੇ ਦੱਸਿਆ ਕਿ ਜਮਨਾਬੇਨ ਮਾਂਗੇ ਆਪਣੀ ਨੂੰਹ ਦੀ ਕੁੱਟਮਾਰ ਕਰਦੀ ਸੀ ਅਤੇ ਪਹਿਲਾਂ ਵੀ ਉਸ ਨੂੰ ਘਰੋਂ ਕੱਢ ਚੁੱਕੀ ਸੀ।

13 ਅਪ੍ਰੈਲ 2018 ਦੀ ਸ਼ਾਮ ਨੂੰ ਦਕਸ਼ਾ ਆਪਣੀ ਧੀ ਨੂੰ ਸਕੂਲ 'ਚ ਦਾਖਲ ਕਰਵਾਉਣ ਲਈ ਕੁਝ ਜ਼ਰੂਰੀ ਦਸਤਾਵੇਜ਼ ਲੈਣ ਲਈ ਆਪਣੇ ਸਹੁਰੇ ਘਰ ਗਈ ਸੀ। ਜਮਨਾਬੇਨ ਆਪਣੀ ਨੂੰਹ ਨੂੰ ਖਿੱਚ ਕੇ ਰਸੋਈ ਵਿਚ ਲੈ ਗਈ, ਉਸ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ 10 ਸਾਲ ਦੀ ਬੱਚੀ ਨੇ ਰੌਲਾ ਪਾਇਆ ਅਤੇ ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸਤਗਾਸਾ ਪੱਖ ਅਨੁਸਾਰ ਕੁੜੀ ਦੀਆਂ ਚੀਕਾਂ ਸੁਣ ਕੇ ਗੁਆਂਢੀ ਦੌੜ ਕੇ ਆਏ ਅਤੇ ਦਕਸ਼ਾ ਨੂੰ ਹਸਪਤਾਲ ਲੈ ਗਏ ਪਰ ਅਗਲੇ ਦਿਨ ਉਸ ਦੀ ਮੌਤ ਹੋ ਗਈ।

ਦਕਸ਼ਾ 80 ਫੀਸਦੀ ਤੱਕ ਸੜ ਗਈ ਸੀ। ਸਰਕਾਰੀ ਵਕੀਲ ਮਹਾਤਰੇ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਸੱਤ ਗਵਾਹਾਂ ਤੋਂ ਪੁੱਛਗਿੱਛ ਕੀਤੀ ਪਰ ਬੱਚੀ ਇਸ ਕੇਸ ਦੀ ਮੁੱਖ ਗਵਾਹ ਸੀ, ਜਿਸ ਨੇ ਅਦਾਲਤ ਵਿਚ ਪੂਰੀ ਘਟਨਾ ਨੂੰ ਬਹੁਤ ਸਪੱਸ਼ਟਤਾ ਨਾਲ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਕੁੜੀ ਦੀ ਗਵਾਹੀ ਅਤੇ ਦਕਸ਼ਾ ਦਾ ਮੌਤ ਤੋਂ ਪਹਿਲਾਂ ਬਿਆਨ ਅਹਿਮ ਸਬੂਤ ਸਾਬਤ ਹੋਏ। ਇਸਤਗਾਸਾ ਪੱਖ ਨੇ ਆਪਣੀਆਂ ਦਲੀਲਾਂ ਵਿਚ ਮੁਕੱਦਮੇ ਦੌਰਾਨ ਮਹਿਲਾ ਕਾਂਸਟੇਬਲ ਅਮੋਧ ਸਾਦੇਕਰ ਵਲੋਂ ਦਿੱਤੀ ਗਈ ਮਦਦ ਦਾ ਵੀ ਜ਼ਿਕਰ ਕੀਤਾ।
 


author

Tanu

Content Editor

Related News