ਉਦਯੋਗਾਂ ''ਚ ਹਰਿਆਣਾ ਦੇ ਨੌਜਵਾਨਾਂ ਨੂੰ 75 ਫੀਸਦੀ ਨੌਕਰੀਆਂ ਦੇਣ ''ਤੇ ਸਰਕਾਰ ''ਚ ਫਸਿਆ ਪੇਚ

02/01/2020 5:07:24 PM

ਚੰਡੀਗੜ੍ਹ—ਇਨੈਲੋ ਦੇ ਸੀਨੀਅਰ ਨੇਤਾ ਅਭੈ ਚੌਟਾਲਾ ਨੇ ਹਰਿਆਣਾ ਮੰਤਰੀ ਮੰਡਲ ਦੀ ਬੈਠਕ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ 75 ਫੀਸਦੀ ਨੌਕਰੀਆਂ ਦੇਣ ਨੂੰ ਲੈ ਕੇ ਸਹਿਮਤੀ ਨਾ ਬਣਨ ਕਾਰਨ ਗਠਜੋੜ ਵਾਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਇਹ 2 ਦਿਲਾਂ ਦਾ ਨਹੀਂ ਬਲਕਿ 2 ਦਲਾਂ ਦਾ ਮੇਲ ਹੈ। ਚੌਟਾਲਾ ਨੇ ਅੱਜ ਇੱਥੇ ਜਾਰੀ ਬਿਆਨ 'ਚ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਗਠਜੋੜ ਸਰਕਾਰ ਦੇ 100 ਦਿਨ ਪੂਰੇ ਹੋਣ ਦੇ ਬਾਵਜੂਦ ਦੋਵਾਂ ਦਲਾਂ ਵਿਚਾਲੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਨਹੀਂ ਬਣ ਸਕਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਹ ਤਾਂ ਦੋਵਾਂ ਦਲਾਂ ਦਾ ਆਮ ਜਨਤਾ ਨੂੰ ਉਲਝਾਉਣ ਦੀ ਕੋਸ਼ਿਸ਼ ਹੈ ਕਿਉਂਕਿ ਇਹ ਤਾਂ ਪਹਿਲਾਂ ਹੀ ਨਿਯਮਾਂ 'ਚ ਪ੍ਰਸਤਾਵਿਤ ਹੈ ਕਿ ਸੂਬੇ ਦੇ ਉਦਯੋਗਾਂ 'ਚ 75 ਫੀਸਦੀ ਤਜ਼ਰਬੇਕਾਰ ਅਹੁਦਿਆਂ 'ਤੇ ਹਰਿਆਣਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਹੁਣ ਸੂਬੇ ਦੇ ਨੌਜਵਾਨਾਂ ਨੂੰ ਚੌਕੀਦਾਰ ਵਰਗੇ ਅਹੁਦਿਆਂ 'ਤੇ ਹੀ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਪਹਿਲ ਇਸ ਗੱਲ ਦੀ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਉਦਯੋਗਾਂ 'ਚ ਉਨ੍ਹਾਂ ਤਜ਼ਰਬੇਕਾਰ ਅਹੁਦਿਆਂ 'ਤੇ ਰੋਜ਼ਗਾਰ ਦਿੱਤਾ ਜਾਵੇ, ਜਿਨ੍ਹਾਂ 'ਤੇ ਜ਼ਿਆਦਾਤਰ ਬਾਹਰੀ ਲੋਕਾਂ ਨੂੰ ਰੱਖਿਆ ਜਾਂਦਾ ਹੈ। ਉਦਯੋਗਾਂ 'ਚ ਤਜ਼ਰਬੇਕਾਰ ਨੌਜਵਾਨਾਂ ਦੀ ਜਰੂਰਤ ਪੂਰੀ ਕਰਨ ਲਈ ਸੂਬਾ ਸਰਕਾਰ ਨੌਜਵਾਨਾਂ ਦੀ 'ਸਕਿਲ ਇੰਡੀਆ ਪ੍ਰੋਗਰਾਮ' ਤਹਿਤ ਮਦਦ ਕਰ ਸਕਦੀ ਹੈ।

ਇਨੈਲੋ ਨੇਤਾ ਨੇ ਕਿਹਾ ਹੈ ਕਿ ਸਰਕਾਰ ਦੀ ਸਹਿਯੋਗੀ ਜੇ.ਜੇ.ਪੀ ਨੇ ਚੋਣ ਵਾਅਦਿਆਂ 'ਚ ਸੂਬੇ ਦੇ ਨੌਜਵਾਨਾਂ ਨੂੰ ਪਹਿਲੀ ਕਲਮ ਨਾਲ ਉਦਯੋਗਾਂ 'ਚ 75 ਫੀਸਦੀ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਤਾਂ ਸਰਕਾਰ ਇਹ ਫੈਸਲਾ ਨਹੀਂ ਕਰ ਸਕੀ ਹੈ ਕਿ ਤਜ਼ਰਬੇਕਾਰ ਅਹੁਦਿਆਂ 'ਤੇ ਰੋਜ਼ਗਾਰ ਦੇਣ ਲਈ ਨਿਯਮਾਂ 'ਚ ਕਦੋਂ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਜੇ.ਜੇ.ਪੀ ਬੇਰੋਜ਼ਗਾਰ ਨੌਜਵਾਨਾਂ ਨੂੰ 11000 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੀ ਗੱਲ ਹੁਣ ਤੋਂ ਹੀ ਭੁੱਲ ਗਈ ਹੈ। ਪਹਿਲੀ ਕਲਮ ਨਾਲ ਨੌਜਵਾਨਾਂ ਨੂੰ ਭੱਤਾ ਦੇਣ ਦੇ ਬਜਾਏ ਸਰਕਾਰ ਆਪਣੇ ਭੱਤਿਆਂ 'ਚ ਵਾਧਾ ਕਰਨਾ ਨਹੀਂ ਭੁੱਲੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਸਰਕਾਰ 75 ਫੀਸਦੀ ਤਜ਼ਰਬੇਕਾਰ ਜਾਂ ਫ੍ਰੈਸ਼ਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਨਹੀਂ ਕਰਦੀ ਉਦੋਂ ਤੱਕ ਉਹ ਵਾਅਦਿਆਂ ਅਨੁਸਾਰ ਬੇਰੋਜ਼ਗਾਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਰੋਜ਼ਗਾਰ ਭੱਤਾ ਦੇਣਾ ਯਕੀਨੀ ਬਣਾਵੇ।  


Iqbalkaur

Content Editor

Related News