ਨਦੀ ’ਚ ਨਹਾਉਣ ਦੌਰਾਨ 7 ਲੋਕਾਂ ਦੀ ਡੁੱਬਣ ਨਾਲ ਮੌਤ
Monday, May 18, 2026 - 04:38 AM (IST)
ਅਯੁੱਧਿਆ - ਉੱਤਰ ਪ੍ਰਦੇਸ਼ ਦੇ ਫ਼ਤੇਹਪੁਰ ਅਤੇ ਅਯੁੱਧਿਆ ਜ਼ਿਲਿਆਂ ’ਚ ਨਦੀ ’ਚ ਨਹਾਉਣ ਦੌਰਾਨ ਹੋਏ ਹਾਦਸਿਆਂ ’ਚ 7 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਫ਼ਤੇਹਪੁਰ ਜ਼ਿਲੇ ਦੇ ਲਲੌਲੀ ਥਾਣਾ ਖੇਤਰ ’ਚ ਮੈਚ ਖੇਡ ਕੇ ਪਰਤ ਰਹੇ 6 ਨੌਜਵਾਨਾਂ ਨੇ ਰਿੰਦ ਨਦੀ ’ਚ ਨਹਾਉਣ ਲਈ ਛਾਲ ਮਾਰ ਦਿੱਤੀ। ਇਸ ਦੌਰਾਨ 4 ਨੌਜਵਾਨ ਪਾਣੀ ’ਚ ਡੁੱਬ ਗਏ। ਸਥਾਨਕ ਪਿੰਡ ਵਾਸੀਆਂ ਅਤੇ ਪੁਲਸ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਹਸੀਬੁੱਦੀਨ, ਸ਼ਾਹਿਦ, ਅੰਸ਼ ਅਤੇ ਸ਼ਾਨ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦਕਿ 2 ਨੌਜਵਾਨਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ। ਥਾਣਾ ਮੁਖੀ ਪ੍ਰਮੋਦ ਕੁਮਾਰ ਰਾਓ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉੱਧਰ ਅਯੁੱਧਿਆ ਜ਼ਿਲੇ ’ਚ ਸਰਯੂ ਨਦੀ ’ਚ ਨਹਾਉਣ ਦੌਰਾਨ 3 ਲੜਕੇ ਡੁੱਬ ਗਏ। ਐੱਸ. ਡੀ. ਆਰ. ਐੱਫ. ਅਤੇ ਗੋਤਾਖੋਰਾਂ ਦੀ ਟੀਮ ਨੇ ਐਤਵਾਰ ਨੂੰ ਸਤਿਅਮ ਪਾਂਡੇ, ਮਾਨਸ ਪਾਂਡੇ ਅਤੇ ਅਮਿਤ ਪਾਂਡੇ ਉਰਫ ਰਾਜ ਪਾਂਡੇ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਦੱਸਿਆ ਗਿਆ ਕਿ ਮਾਨਸ ਪਾਂਡੇ ਨੂੰ ਡੁੱਬਦਾ ਦੇਖ ਕੇ ਸਤਿਅਮ ਅਤੇ ਅਮਿਤ ਨੇ ਉਸ ਨੂੰ ਬਚਾਉਣ ਨਦੀ ’ਚ ਛਾਲ ਮਾਰੀ ਸੀ। ਇਸੇ ਦੌਰਾਨ ਤਿੰਨੋਂ ਜਣੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਘਟਨਾ ਤੋਂ ਬਾਅਦ ਦੋਵਾਂ ਜ਼ਿਲਿਆਂ ’ਚ ਸ਼ੋਕ ਦਾ ਮਾਹੌਲ ਹੈ।
