ਰੂਸ ਨੇ ਯੂਕ੍ਰੇਨ ''ਤੇ ਮੁੜ ਦਾਗੇ ਮਿਜ਼ਾਈਲ ਤੇ ਡਰੋਨ ! 7 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
Thursday, Oct 01, 2026 - 09:26 AM (IST)
ਇੰਟਰਨੈਸ਼ਨਲ ਡੈਸਕ- ਰੂਸ ਨੇ ਯੂਕ੍ਰੇਨ ’ਤੇ ਮਿਜ਼ਾਈਲ ਅਤੇ ਡਰੋਨ ਹਮਲਾ ਕਰਦਿਆਂ ਮੁੱਖ ਰੂਪ ਵਿਚ ਬਿਜਲੀ ਗਰਿੱਡ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਇਕ ਬੱਚੇ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਗਸਤ ਦੇ ਅਖ਼ੀਰ ਤੋਂ ਰੂਸ ਨੇ ਆਪਣੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਨਾਲ ਯੂਕ੍ਰੇਨ ’ਤੇ ਦਬਾਅ ਵਧ ਗਿਆ ਹੈ। ਯੂਕ੍ਰੇਨ ਜਦੋਂ ਸਰਦੀਆਂ ਦੀ ਤਿਆਰੀ ਵਿਚ ਜੁਟਿਆ ਹੋਇਆ ਹੈ, ਉਦੋਂ ਰੂਸ ਊਰਜਾ ਪਲਾਂਟਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤਾਂ ਜੋ ਯੂਕ੍ਰੇਨ ਦੇ ਲੋਕਾਂ ਨੂੰ ਬਿਜਲੀ ਅਤੇ ਪਾਣੀ ਦੀ ਸਹੂਲਤ ਨਾ ਮਿਲ ਸਕੇ।
ਪ੍ਰਧਾਨ ਮੰਤਰੀ ਸੇਰਹੀ ਕੋਰੇਤਸਕੀ ਨੇ ਟੈਲੀਗ੍ਰਾਮ ’ਤੇ ਕਿਹਾ, ‘‘ਗਰਮੀਆਂ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਬੀਤਿਆ ਹੋਵੇ ਜਦੋਂ ਦੁਸ਼ਮਣ ਨੇ ਊਰਜਾ ਬੁਨਿਆਦੀ ਢਾਂਚੇ ’ਤੇ ਹਮਲਾ ਨਾ ਕੀਤਾ ਹੋਵੇ ਪਰ ਇਹ ਪਹਿਲਾ ਮੌਕਾ ਹੈ ਜਦੋਂ ਇੰਨਾ ਵੱਡਾ ਅਤੇ ਤਾਲਮੇਲ ਵਾਲਾ ਹਮਲਾ ਹੋਇਆ ਹੈ।’’
ਓਧਰ, ਰੂਸ ਦਾ ਕਹਿਣਾ ਹੈ ਕਿ ਉਹ ਅਸਥਾਈ ਜੰਗਬੰਦੀ ਦੀ ਬਜਾਏ ਇਕ ਵਿਆਪਕ ਸਮਝੌਤਾ ਚਾਹੁੰਦਾ ਹੈ। ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਪੂਰੇ ਯੂਕ੍ਰੇਨ ਵਿਚ ਰੂਸੀ ਹਮਲਿਆਂ ’ਚ 7 ਯੂਕ੍ਰੇਨੀ ਨਾਗਰਿਕ ਮਾਰੇ ਗਏ ਅਤੇ 24 ਜ਼ਖ਼ਮੀ ਹੋ ਗਏ। ਹਾਲਾਂਕਿ, ਉਨ੍ਹਾਂ ਨੇ ਕੋਈ ਵੇਰਵਾ ਨਹੀਂ ਦਿੱਤਾ।
ਯੂਕ੍ਰੇਨ ਵਿਚ ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਤਿਮੁਰ ਤਕਾਚੇਂਕੋ ਨੇ ਦੱਸਿਆ ਕਿ ਕੀਵ ਖੇਤਰ ਦੇ ਵਿਸ਼ਹੋਰੋਦ ਵਿਚ ਇਕ ਨਿੱਜੀ ਘਰ ਦੇ ਮਲਬੇ ’ਚੋਂ ਇਕ ਮ੍ਰਿਤਕ ਬੱਚੇ ਨੂੰ ਕੱਢਿਆ ਗਿਆ ਅਤੇ ਤਿੰਨ ਹੋਰ ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਹਮਲਿਆਂ ਵਿਚ ਰਾਜਧਾਨੀ ਕੀਵ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹੋਰ ਜ਼ਖ਼ਮੀ ਹੋ ਗਏ। ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਰੂਸ ਦਾ ਮੁੱਖ ਨਿਸ਼ਾਨਾ ਕੀਵ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੌਜੂਦ ਊਰਜਾ ਬੁਨਿਆਦੀ ਢਾਂਚਾ ਹੈ।
