ਵਧੀ ਗੋਗੜ ਵਾਲੇ 10 ''ਚੋਂ 7 ਵਿਅਕਤੀਆਂ ਨੂੰ ਦਿਲ ਦੇ ਰੋਗ ਦਾ ਖਤਰਾ
Friday, Sep 28, 2018 - 05:27 PM (IST)

ਨਵੀਂ ਦਿੱਲੀ— ਦਿੱਲੀ 'ਚ 45 ਸਾਲ ਤੋਂ ਘੱਟ ਉਮਰ ਦੇ ਉਹ ਲੋਕ, ਜਿਨ੍ਹਾਂ ਦਾ ਭਾਰ ਭਾਵੇਂ ਵਧ ਨਾ ਹੋਵੇ ਪਰ ਪੇਟ 'ਤੇ ਚਰਬੀ ਜਮ੍ਹਾ ਹੈ, ਅਜਿਹੇ 10 'ਚੋਂ 7 ਵਿਅਕਤੀਆਂ ਨੂੰ ਦਿਲ ਦੇ ਰੋਗ ਦਾ ਖਤਰਾ ਹੈ। ਹਾਲ ਹੀ 'ਚ ਹੋਏ ਇਕ ਸਰਵੇ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਸਰਵੇ ਮੁਤਾਬਕ ਦਿੱਲੀ 'ਚ ਪੇਟ ਦੇ ਮੋਟਾਪੇ ਦੇ ਸ਼ਿਕਾਰ 66 ਫੀਸਦੀ ਮਰਦਾਂ ਦੀ ਤੁਲਨਾ 'ਚ 71 ਫੀਸਦੀ ਔਰਤਾਂ ਨੂੰ ਦਿਲ ਦੇ ਰੋਗ ਦਾ ਖਤਰਾ ਹੈ ਮਤਲਬ ਮਰਦਾਂ ਦੀ ਤੁਲਨਾ 'ਚ ਔਰਤਾਂ ਨੂੰ ਹਾਰਟ ਡਿਜ਼ੀਜ਼ ਦਾ ਖਤਰਾ ਵੱਧ ਹੈ।
ਸਰਵੇ ਮੁਤਾਬਕ ਦਿੱਲੀ ਵਾਲੇ ਜੋ ਪੇਟ ਦੇ ਮੋਟਾਪੇ ਕਾਰਨ ਦਿਲ ਦੇ ਰੋਗ ਦੇ ਖਤਰੇ 'ਚ ਹਨ, ਉਨ੍ਹਾਂ ਦੀਆਂ ਖਾਣ ਦੀਆਂ ਆਦਤਾਂ ਇਕੋ ਜਿਹੀਆਂ ਹਨ ਜਿਵੇਂ ਬਾਹਰ ਦਾ ਖਾਣਾ 84 ਫੀਸਦੀ ਅਤੇ ਹਫਤੇ 'ਚ ਇਕ ਦਿਨ ਜੰਕ ਫੂਡ ਖਾਣਾ 77 ਫੀਸਦੀ। ਇਕ ਔਸਤ ਭਾਰਤੀ ਨੂੰ ਜਿਥੇ ਦਿਲ ਦਾ ਰੋਗ ਹੋਣ ਦਾ ਖਤਰਾ 67 ਫੀਸਦੀ ਹੈ, ਉਥੇ ਦਿੱਲੀ ਵਾਲਿਆਂ ਨੂੰ ਪੇਟ ਦੇ ਮੋਟਾਪੇ ਤੋਂ ਹੋਣ ਵਾਲੇ ਦਿਲ ਦੇ ਰੋਗ ਦਾ ਖਤਰਾ 2 ਫੀਸਦੀ ਵਧ ਯਾਨੀ 69 ਫੀਸਦੀ ਹੈ। ਇਹ ਸਰਵੇ ਦੇਸ਼ ਦੇ ਪ੍ਰਮੁਖ ਸ਼ਹਿਰਾਂ ਦਿੱਲੀ, ਮੁੰਬਈ, ਲਖਨਊ ਅਤੇ ਹੈਦਰਾਬਾਦ ਦੇ 837 ਲੋਕਾਂ 'ਤੇ ਕੀਤਾ ਗਿਆ।
ਘਰੇਲੂ ਤਨਾਅ ਵੀ ਦਿਲ ਦੇ ਰੋਗ ਦਾ ਕਾਰਨ
ਇਸ ਸਰਵੇ 'ਚ ਕੁਝ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ, ਜੋ ਕਿ ਉਮਰ, ਲਿੰਗ, ਜੀਵਨਸ਼ੈਲੀ ਨਾਲ ਜੁੜੇ ਸਨ ਅਤੇ ਪੇਟ ਦੇ ਮੋਟਾਪੇ ਕਾਰਨ ਦਿਲ ਲਈ ਖਤਰਾ ਪੈਦਾ ਕਰਦੇ ਹਨ। ਸਿਰਫ ਕੰਮ ਦਾ ਬੋਝ (71 ਫੀਸਦੀ) ਹੀ ਲੋਕਾਂ ਦੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਸਗੋਂ ਘਰੇਲੂ ਤਣਾਅ (74 ਫੀਸਦੀ) ਵੀ ਵਧਦੇ ਦਿਲ ਦੇ ਰੋਗਾਂ ਦਾ ਕਾਰਨ ਹੈ।