ਲੀਬੀਆ 'ਚ 7 ਭਾਰਤੀ ਅਗਵਾ, ਵਿਦੇਸ਼ ਮੰਤਰਾਲਾ ਨੇ ਕਿਹਾ- ਸਾਰੇ ਸੁਰੱਖਿਅਤ
Friday, Oct 09, 2020 - 12:04 AM (IST)
ਨਵੀਂ ਦਿੱਲੀ - ਇੱਕ ਨਿਰਮਾਣ ਕੰਪਨੀ 'ਚ ਕੰਮ ਕਰਨ ਵਾਲੇ 7 ਭਾਰਤੀਆਂ ਨੂੰ 14 ਸਤੰਬਰ ਨੂੰ ਲੀਬੀਆ 'ਚ ਅਗਵਾ ਕਰ ਲਿਆ ਗਿਆ ਹੈ। ਅੱਤਵਾਦੀਆਂ ਨੇ ਉਨ੍ਹਾਂ ਨੂੰ ਛੱਡਣ ਲਈ 20 ਹਜ਼ਾਰ ਡਾਲਰ ਦੀ ਫਿਰੌਤੀ ਮੰਗੀ ਹੈ। ਜਿਨ੍ਹਾਂ ਭਾਰਤੀਆਂ ਨੂੰ ਅਗਵਾਹ ਕੀਤਾ ਗਿਆ ਹੈ, ਉਹ ਯੂ.ਪੀ. ਦੇ ਕੁਸ਼ੀਨਗਰ, ਦੇਵਰੀਆ ਅਤੇ ਬਿਹਾਰ ਦੇ ਰਹਿਣ ਵਾਲੇ ਹਨ। ਇਸ ਸੰਬੰਧ 'ਚ ਭਾਰਤੀ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਵਿਦੇਸ਼ ਮੰਤਰਾਲਾ ਨੇ ਦੱਸਿਆ ਹੈ ਕਿ, ਅਗਵਾ ਕੀਤੇ ਗਏ ਸਾਰੇ ਭਾਰਤੀ ਸੁਰੱਖਿਅਤ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ, ਇੱਕ ਨਿਰਮਾਣ ਕੰਪਨੀ 'ਚ ਕੰਮ ਕਰਨ ਵਾਲੇ 7 ਭਾਰਤੀਆਂ ਨੂੰ 14 ਸਤੰਬਰ ਨੂੰ ਲੀਬੀਆ 'ਚ ਅਗਵਾ ਕਰ ਲਿਆ ਗਿਆ ਸੀ। ਟਿਊਨੀਸ਼ੀਆ 'ਚ ਸਾਡੇ ਦੂਤਘਰ ਨੇ ਲੀਬੀਆ ਸਰਕਾਰ ਅਤੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਸੰਪਰਕ ਕੀਤਾ ਹੈ। ਇਹ ਸੰਸਥਾਵਾਂ ਇਨ੍ਹਾਂ ਭਾਰਤੀਆਂ ਦੀ ਰਿਹਾਈ ਲਈ ਕੰਮ ਕਰ ਰਹੇ ਹਨ। ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਸੁਰੱਖਿਅਤ ਹਨ।
ਅੱਤਵਾਦੀਆਂ ਨੇ ਕੁਸ਼ੀਨਗਰ ਜ਼ਿਲ੍ਹੇ ਦੇ ਮੁੰਨਾ ਚੌਹਾਨ ਸਮੇਤ ਸੱਤ ਭਾਰਤੀਆਂ ਨੂੰ ਅਗਵਾ ਕਰ ਲਿਆ ਹੈ ਅਤੇ ਅਗਵਾ ਕਰਨ ਵਾਲੇ ਲੀਬੀਆ 'ਚ ਉਨ੍ਹਾਂ ਦੀ ਕੰਪਨੀ ਤੋਂ 20 ਹਜ਼ਾਰ ਡਾਲਰ ਦੀ ਫਿਰੌਤੀ ਮੰਗ ਰਹੇ ਹਨ। ਕੁਸ਼ੀਨਗਰ ਜ਼ਿਲ੍ਹੇ ਦੇ ਨੇਬੁਆ ਨੌਰੰਗੀਆ ਥਾਣਾ ਖੇਤਰ ਦੇ ਅਨੁਸਾਰ ਗੜੀਆ ਬਸੰਤਪੁਰ ਪਿੰਡ ਦਾ ਰਹਿਣ ਵਾਲਾ ਮੁੰਨਾ ਚੌਹਾਨ ਸਤੰਬਰ 2019 'ਚ ਦਿੱਲੀ ਸਥਿਤ ਐੱਨ.ਡੀ. ਇੰਟਰਪ੍ਰਾਇਜੇਜ ਟ੍ਰੈਵਲ ਏਜੰਸੀ ਦੇ ਜ਼ਰੀਏ ਆਇਰਨ ਵੈਲਡਰ ਦੇ ਰੂਪ 'ਚ ਲੀਬੀਆ ਗਿਆ ਸੀ।
ਮੀਡੀਆ ਰਿਪੋਰਟ ਦੇ ਮੁਤਾਬਕ, ਉਨ੍ਹਾਂ ਦਾ ਵੀਜ਼ਾ 13 ਸਤੰਬਰ, 2020 ਨੂੰ ਖ਼ਤਮ ਹੋ ਗਿਆ ਸੀ, ਉਸ ਨੂੰ ਵਾਪਸ ਪਰਤਣਾ ਸੀ ਪਰ ਇਸ ਤੋਂ ਪਹਿਲਾਂ ਹੀ ਮੁੰਨਾ ਸਮੇਤ ਸੱਤ ਭਾਰਤੀਆਂ ਨੂੰ ਅਗਵਾ ਕਰ ਲਿਆ ਗਿਆ। ਮੁੰਨਾ ਆਪਣੇ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਹੈ। ਉਸ ਦੇ ਪਰਿਵਾਰ 'ਚ ਬਜ਼ੁਰਗ ਮਾਂ ਚੰਦਰਵਤੀ, ਪਤਨੀ ਸੰਜੂ, 13 ਸਾਲਾ ਧੀ ਰਾਣੀ, 8 ਸਾਲਾ ਪੁੱਤਰ ਵਿਸ਼ਵਜੀਤ ਉਰਫ ਕਰਨ ਅਤੇ ਚਾਰ ਸਾਲ ਦਾ ਸਰਵੇਸ਼ ਹੈ। ਉਸ ਦੇ ਪਿਤਾ ਰਾਮ ਬਚਨ ਦਾ 10 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।