ਯੂਗਾਂਡਾ ਦੀ ਔਰਤ ਦੀ ਸਰੀਰ ''ਚੋਂ ਕੱਢੇ 3 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥਾਂ ਦੇ 64 ਕੈਪਸੂਲ
Saturday, Jun 04, 2022 - 10:38 AM (IST)
ਮੁੰਬਈ (ਭਾਸ਼ਾ)- ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਗਾਂਡਾ ਦੀ ਇਕ ਔਰਤ ਨੂੰ 49 ਕੈਪਸੂਲ ਵਿਚ 535 ਗ੍ਰਾਮ ਹੈਰੋਇਨ ਅਤੇ 15 ਕੈਪਸੂਲ ਵਿਚ 175 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ। ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਗੈਰ-ਕਾਨੂੰਨੀ ਬਾਜ਼ਾਰ 'ਚ 3 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਔਰਤ ਦੇ ਸਰੀਰ 'ਚ ਲੁਕਾਏ ਗਏ ਸਨ। ਉਨ੍ਹਾਂ ਨੂੰ ਸਰੀਰ ਤੋਂ ਬਾਹਰ ਕੱਢਣ ਲਈ ਔਰਤ ਨੂੰ ਭਾਯਖਲਾ ਦੇ ਸਰਕਾਰੀ ਜੇ.ਜੇ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਯੂਗਾਂਡਾ ਤੋਂ ਇਕ ਸ਼ੱਕੀ ਔਰਤ ਦੇ ਮੁੰਬਈ ਆਉਣ ਦੀ ਖਾਸ ਸੂਚਨਾ ਦੇ ਆਧਾਰ 'ਤੇ 28 ਮਈ ਨੂੰ ਸ਼ੁਰੂ ਕੀਤੇ ਗਏ ਆਪਰੇਸ਼ਨ ਦੇ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਧਿਕਾਰੀ ਨੇ ਕਿਹਾ,"ਔਰਤ ਦਾ ਪਤਾ ਲਗਾਉਣ ਤੋਂ ਬਾਅਦ, ਜਾਂਚ ਦੌਰਾਨ ਉਸ ਦੇ ਸਮਾਨ ਵਿਚ ਕੁਝ ਵੀ ਸ਼ੱਕੀ ਨਹੀਂ ਮਿਲਿਆ।" ਬਾਰੀਕੀ ਨਾਲ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਆਪਣੇ ਸਰੀਰ 'ਚ ਨਸ਼ੀਲੇ ਪਦਾਰਥ ਲੁਕਾ ਕੇ ਲਿਜਾ ਰਹੀ ਸੀ। ਉਨ੍ਹਾਂ ਕਿਹਾ,''ਵਾਰ-ਵਾਰ ਪੁੱਛ-ਗਿੱਛ ਕਰਨ 'ਤੇ ਔਰਤ ਨੇ ਮੰਨਿਆ ਕਿ ਉਸ ਦੇ ਸਰੀਰ 'ਚ ਵੱਖ-ਵੱਖ ਤਰ੍ਹਾਂ ਦੀਆਂ ਚਿਪਕਣ ਵਾਲੀਆਂ ਟੇਪਾਂ ਦੀ ਵਰਤੋਂ ਕਰਕੇ 11 ਕੈਪਸੂਲ ਛੁਪਾਏ ਗਏ ਸਨ। 110 ਗ੍ਰਾਮ ਹੈਰੋਇਨ ਵਾਲੇ ਘੱਟੋ-ਘੱਟ 10 ਕੈਪਸੂਲ ਕੱਢੇ ਗਏ ਸਨ ਅਤੇ ਬਾਕੀਆਂ ਨੂੰ ਕੱਢਣ ਲਈ ਜੇ.ਜੇ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।'' ਐੱਨ.ਸੀ.ਬੀ. ਅਧਿਕਾਰੀ ਨੇ ਦੱਸਿਆ ਕਿ 28 ਮਈ ਤੋਂ 5 ਜੂਨ ਦਰਮਿਆਨ ਕੁੱਲ 54 ਕੈਪਸੂਲ ਕੱਢੇ ਗਏ ਸਨ, ਜਿਨ੍ਹਾਂ 'ਚੋਂ 425 ਗ੍ਰਾਮ ਹੈਰੋਇਨ ਦੇ ਕੈਪਸੂਲ, 175 ਗ੍ਰਾਮ ਕੋਕੀਨ ਵਾਲੇ 15 ਕੈਪਸੂਲ ਸ਼ਾਮਲ ਸਨ, ਜਿਸ ਨਾਲ ਉਸ ਦੇ ਸਰੀਰ 'ਚੋਂ ਕੱਢੇ ਗਏ ਕੈਪਸੂਲ ਦੀ ਕੁੱਲ ਗਿਣਤੀ 64 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਔਰਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਔਰਤ ਨੂੰ ਤਸਕਰੀ ਰੈਕੇਟ ਜਿਸ ਦਾ ਉਹ ਹਿੱਸਾ ਹੈ, ਉਸ ਦੀ ਜਾਂਚ ਲਈ ਐੱਨ.ਸੀ.ਬੀ. ਦਫ਼ਤਰ ਲਿਆਂਦਾ ਜਾਵੇਗਾ।