64,000 ਕਰਮੀਆਂ ਦੇ ਮੋਢੇ ''ਤੇ ਹੋਵੇਗੀ ਹਰਿਆਣਾ ਲੋਕ ਸਭਾ ਚੋਣਾਂ ਦੀ ਨਿਗਰਾਨੀ

Monday, May 06, 2019 - 05:06 PM (IST)

64,000 ਕਰਮੀਆਂ ਦੇ ਮੋਢੇ ''ਤੇ ਹੋਵੇਗੀ ਹਰਿਆਣਾ ਲੋਕ ਸਭਾ ਚੋਣਾਂ ਦੀ ਨਿਗਰਾਨੀ

ਹਰਿਆਣਾ (ਵਾਰਤਾ)— ਹਰਿਆਣਾ ਵਿਚ ਲੋਕ ਸਭਾ ਚੋਣਾਂ ਦੀਆਂ 10 ਸੀਟਾਂ ਲਈ 12 ਮਈ ਨੂੰ ਹੋਣ ਵਾਲੀਆਂ ਚੋਣਾਂ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਕਰਾਉਣ ਲਈ ਸੂਬਾ ਪੁਲਸ ਬਲ ਅਤੇ ਕੇਂਦਰੀ ਬਲਾਂ ਦੇ ਕਰੀਬ 64,000 ਕਰਮੀ ਤਾਇਨਾਤ ਕੀਤੇ ਜਾਣਗੇ। ਸੂਬੇ ਦੇ ਵਧੀਕ ਪੁਲਸ ਜਨਰਲ ਡਾਇਰੈਕਟਰ ਨਵਦੀਪ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾਂ ਲਈ ਕੇਂਦਰੀ ਰਿਜ਼ਰਵ ਪੁਲਸ ਬਲ ਦੀਆਂ 65 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਇਨ੍ਹਾਂ 'ਚੋਂ 5 ਕੰਪਨੀਆਂ ਇੱਥੇ ਪਹੁੰਚ ਚੁੱਕੀਆਂ ਹਨ, ਜੋ ਵੋਟਰਾਂ ਦਰਮਿਆਨ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਜ਼ਿਲਿਆਂ 'ਚ ਸੂਬਾ ਪੁਲਸ ਨਾਲ ਫਲੈਗ ਮਾਰਚ ਕਰ ਰਹੀਆਂ ਹਨ। ਦੇਸ਼ ਵਿਚ ਅੱਜ 5ਵੇਂ ਗੇੜ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ 7 ਮਈ ਨੂੰ ਰਾਜਸਥਾਨ ਤੋਂ ਬਾਕੀ 60 ਕੰਪਨੀਆਂ ਹਰਿਆਣਾ ਪਹੁੰਚ ਜਾਣਗੀਆਂ।

ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਅਤੇ ਚੋਣ ਕਮਿਸ਼ਨ ਤੋਂ ਹੋਰ ਕੇਂਦਰੀ ਸੁਰੱਖਿਆ ਬਲ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਗਈ ਹੈ। ਵਿਕਰ ਮੁਤਾਬਕ ਸੂਬਾ ਪੁਲਸ ਦੇ 33,340 ਜਵਾਨ ਚੋਣ ਡਿਊਟੀ 'ਤੇ ਤਾਇਨਾਤ ਕੀਤੇ ਜਾਣਗੇ। ਇਨ੍ਹਾਂ 'ਚੋਂ 24,529 ਕਰਮੀ ਪਹਿਲਾਂ ਹੀ ਜ਼ਿਲਿਆਂ ਵਿਚ ਉਪਲੱਬਧ ਹਨ ਅਤੇ ਬਾਕੀ 8,811 ਜਵਾਨਾਂ ਦੀ ਵਿਵਸਥਾ ਹੋਰ ਇਕਾਈਆਂ ਤੋਂ ਕੀਤੀ ਗਈ ਹੈ। 

ਵਿਰਕ ਨੇ ਕਿਹਾ ਕਿ ਪੁਲਸ ਜਨਰਲ ਡਾਇਰੈਕਟਰ ਮਨੋਜ ਯਾਦਵ ਨੇ ਚੋਣ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਜ਼ਿਲਾ ਪੁਲਸ ਪ੍ਰਮੁੱਖਾਂ ਸਮੇਤ ਸਾਰੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਚੋਣ ਦੇ ਸੁਚਾਰੂ ਰੂਪ ਨਾਲ ਸੰਚਾਲਨ ਲਈ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਿਸੇ ਨੂੰ ਵੀ ਵੋਟਿੰਗ ਪ੍ਰਕਿਰਿਆ ਵਿਚ ਖਲਲ ਨਹੀਂ ਪਾਉਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਅਜਿਹੀ ਹਿੰਮਤ ਕਰੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਚੋਣਾਂ ਤੋਂ ਪਹਿਲਾਂ ਇਕ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤਕ 1050 ਤੋਂ ਵਧ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਹੈ।


author

Tanu

Content Editor

Related News