ਨੋਟਬੰਦੀ ਤੋਂ ਬਾਅਦ ਭਾਰਤ 'ਚ 50 ਲੱਖ ਲੋਕਾਂ ਨੇ ਗਵਾਈ ਨੌਕਰੀ : ਰਿਪੋਰਟ

Wednesday, Apr 17, 2019 - 02:08 PM (IST)

ਨਵੀਂ ਦਿੱਲੀ — ਸਾਲ 2016 ਤੋਂ 2018 ਦੌਰਾਨ ਦੇਸ਼ ਦੇ ਕਰੀਬ 50 ਲੱਖਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ। ਸਾਲ 2016 ਉਹ ਹੀ ਸਾਲ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਿਚ ਨੋਟਬੰਦੀ ਦਾ ਐਲਾਨ ਕੀਤਾ ਸੀ ਅਤੇ 1000-500 ਦੇ ਨੋਟ ਬੰਦ ਕਰ ਦਿੱਤੇ ਸਨ। ਅਜੀਮ ਪ੍ਰੇਮਜੀ ਯੂਨੀਵਰਸਿਟੀ(ਬੇਂਗਲੁਰੂ) ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਸਾਲ 2016-18 ਵਿਚਕਾਰ ਤਕਰੀਬਨ 50 ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ।

ਬੇਰੋਜ਼ਗਾਰੀ ਦੀ ਦਰ ਉੱਚ ਪੱਧਰ 'ਤੇ

ਰਿਪੋਰਟ ਮੁਤਾਬਕ ਨੋਟਬੰਦੀ ਦੇ ਬਾਅਦ ਦੇਸ਼ ਵਿਚ ਸਾਲ 2016 ਦੀ ਤੀਜੀ ਤਿਮਾਹੀ ਯਾਨੀ ਸਤੰਬਰ 2016 ਤੋਂ ਦਸੰਬਰ 2016 ਵਿਚਕਾਰ ਸ਼ਹਿਰੀ ਅਤੇ ਪੇਂਡੂ ਲੋਕਾਂ ਦੀ ਲੇਬਰ ਪਾਰਟੀਸਿਪੇਸ਼ਨ ਫੋਰਸ ਵਿਚ ਹਿੱਸੇਦਾਰੀ ਅਚਾਨਕ ਘੱਟ ਹੋਣ ਲੱਗੀ। ਇਸ ਦਾ ਮਤਲਬ ਇਹ ਹੈ ਕਿ ਸਤੰਬਰ 2016 'ਚ ਨੌਕਰੀਆਂ 'ਚ ਕਮੀ ਆਉਣ ਲੱਗੀ। ਸਾਲ 2017 ਦੀ ਦੂਜੀ ਤਿਮਾਹੀ 'ਚ ਇਸਦੀ ਦਰ 'ਚ ਥੋੜ੍ਹੀ ਕਮੀ ਆਈ, ਪਰ ਬਾਅਦ ਵਿਚ ਨੌਕਰੀਆਂ ਦੀ ਸੰਖਿਆ ਵਿਚ ਲਗਾਤਾਰ ਕਮੀ ਆਉਂਦੀ ਗਈ ਅਤੇ ਇਸ ਤੋਂ ਬਾਅਦ ਇਸ ਦੀ ਦਰ 'ਚ ਕੋਈ ਸੁਧਾਰ ਨਹੀਂ ਦੇਖਿਆ ਗਿਆ।

ਦੇਸ਼ ਵਿਚ ਬੇਰੋਜ਼ਗਾਰੀ ਦੀ ਦਰ ਸਾਲ 2018 'ਚ ਵਧ ਕੇ ਸਭ ਤੋਂ ਜ਼ਿਆਦਾ 6 ਫੀਸਦੀ ਹੋ ਗਈ ਹੈ। ਇਹ 2000 ਤੋਂ ਲੈ ਕੇ 2010 ਦੇ ਦਹਾਕੇ ਦੇ ਦੌਰਾਨ ਤੋਂ ਦੁੱਗਣੀ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਪਿਛਲੇ ਦਹਾਕੇ ਦੌਰਾਨ ਦੇਸ਼ ਵਿਚ ਬੇਰੋਜ਼ਗਾਰੀ ਦੀ ਦਰ 'ਚ ਲਗਾਤਾਰ ਵਾਧਾ ਹੋਇਆ ਹੈ। 2016 ਦੇ ਬਾਅਦ ਇਹ ਆਪਣੇ ਉੱਚ ਪੱਧਰ ਤੱਕ ਪਹੁੰਚ ਗਿਆ ਹੈ।

ਨੌਕਰੀਆਂ 'ਚ ਗਿਰਾਵਟ ਦੀ ਸ਼ੁਰੂਆਤ ਨੋਟ ਬੰਦੀ ਦੇ ਸਮੇਂ ਹੀ ਸ਼ੁਰੂ ਹੋਈ। ਜੇਕਰ ਤਿੰਨ ਸਾਲਾਂ ਦੀ ਗੱਲ ਕਰੀਏ ਤਾਂ ਜਨਵਰੀ-ਅਪ੍ਰੈਲ 2016 ਤੋਂ ਸਤੰਬਰ-ਦਸੰਬਰ 2018 ਤੱਕ ਸ਼ਹਿਰੀ ਮਰਦ ਐਲ.ਐਫ.ਪੀ.ਆਰ. ਦੀ ਦਰ 5.8 ਫੀਸਦੀ ਜਦੋਂਕਿ ਉਸੇ ਉਮਰ ਵਰਗ ਗਰੁੱਪ 'ਚ ਡਬਲਯੂ.ਪੀ.ਆਰ. ਦੀ ਦਰ 2.8 ਫੀਸਦੀ ਤੱਕ ਡਿੱਗ ਗਈ। ਇਸ ਦੇ ਨਾਲ ਹੀ ਨੋਟਬੰਦੀ ਕਾਰਨ ਭਵਿੱਖ ਲਈ ਵੀ ਨੌਕਰੀਆਂ ਦਾ ਸੰਕਟ ਹੋਣ ਦੀ ਗੱਲ ਕਹੀ ਗਈ ਹੈ। ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਨੋਟਬੰਦੀ ਦੇ ਬਾਅਦ ਬਣੇ ਹਾਲਾਤਾਂ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 20-24 ਉਮਰ ਵਰਗ 'ਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ ਅਤੇ ਨੋਟਬੰਦੀ ਨਾਲ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ।

ਅਸੰਗਠਿਤ ਖੇਤਰ 'ਤੇ ਸਭ ਤੋਂ ਜ਼ਿਆਦਾ ਅਸਰ

ਦੇਸ਼ ਵਿਚ ਅਸੰਗਠਿਤ ਖੇਤਰ 'ਤੇ ਨੋਟਬੰਦੀ ਅਤੇ ਫਿਰ ਜੀ.ਐਸ.ਟੀ. ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ। ਇਸ ਸੈਕਟਰ ਨਾਲ ਜੁੜੇ ਲੋਕਾਂ ਦੀ ਸਭ ਤੋਂ ਜ਼ਿਆਦਾ ਨੌਕਰੀਆਂ ਡੁੱਬੀਆਂ ਹਨ। ਰੋਜ਼ਗਾਰ ਅਤੇ ਮਜ਼ਦੂਰੀ 'ਤੇ ਸਟੇਟ ਆਫ ਵਰਕਿੰਗ ਇੰਡੀਆ 2019' ਦੀ ਰਿਪੋਰਟ ਅਨੁਸਾਰ 20-24 ਉਮਰ ਵਰਗ 'ਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਹੈ। ਇਹ ਗੰਭੀਰ ਚਿੰਤਾ ਦਾ ਕਾਰਨ ਇਸ ਕਰਕੇ ਵੀ ਹੈ ਕਿ ਇਹ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਨੌਜਵਾਨ ਵਰਕਰਾਂ ਦਾ ਵਰਗ ਹੈ। ਇਹ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮਰਦਾਂ ਅਤੇ ਔਰਤਾਂ ਦੇ ਵਰਗ 'ਤੇ ਵੀ ਲਾਗੂ ਹੁੰਦਾ ਹੈ।


Related News