ਦਿੱਲੀ : ਬੱਸ ''ਚ ਚਾਕੂ ਮਾਰ ਕੇ ਨੌਜਵਾਨ ਦਾ ਕਤਲ ਕਰਨ ਵਾਲੇ 5 ਨਾਬਾਲਗ ਗ੍ਰਿਫਤਾਰ

11/25/2017 6:26:42 PM

ਨਵੀਂ ਦਿੱਲੀ— ਪੁਲਸ ਨੇ ਵੀਰਵਾਰ ਨੂੰ ਦਿਨਦਿਹਾੜੇ ਚੱਲਦੀ ਬੱਸ 'ਚ ਮੋਬਾਈਲ ਲੁੱਟਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਸ ਨੇ ਇਸ ਵਾਰਦਾਤ 'ਚ ਸ਼ਾਮਲ 5 ਨਾਬਾਲਿਗ ਦੋਸ਼ੀਆਂ ਨੂੰ ਫੜ੍ਹ ਲਿਆ ਹੈ। ਦੋਸ਼ੀ 8ਵੀਂ ਅਤੇ 10ਵੀਂ ਜਮਾਤ 'ਚ ਪੜ੍ਹਦੇ ਹਨ। ਪੁਲਸ ਨੇ ਇਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਮੋਬਾਈਲ ਵੀ ਬਰਾਮਦ ਕੀਤਾ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਰਾਦਾਬਾਦ ਯੂ. ਪੀ. ਨਿਵਾਸੀ ਮੁਹੰਮਦ ਅਨਸ (25) ਦੇ ਰੂਪ 'ਚ ਹੋਈ। ਮਾਮਲਾ ਸਾਊਥ ਈਸਟ ਇਲਾਕੇ ਦੇ ਨਿਊ ਫ੍ਰੈਂਡਜ਼ ਕਾਲੋਨੀ ਦਾ ਹੈ।
ਡੀ. ਸੀ. ਪੀ. (ਸਾਊਥ-ਈਸਟ) ਰੋਮਿਲ ਬਾਨਿਆ ਨੇ ਦੱਸਿਆ ਕਿ ਚੱਲਦੀ ਬੱਸ 'ਚ ਨੌਜਵਾਨ ਦਾ ਕਤਲ ਕਰਨ ਵਾਲੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਦੋਸ਼ੀ ਨਾਬਾਲਗ ਹਨ ਅਤੇ ਉਨ੍ਹਾਂ ਦੀ ਉਮਰ 12 ਤੋਂ 15 ਸਾਲ ਤਕ ਹੈ। ਉਹ ਆਸ਼ਰਮ ਚੌਕ ਨੇੜੇ ਬੱਸ 'ਚ ਚੜ੍ਹੇ ਸਨ ਅਤੇ ਉਨ੍ਹਾਂ ਨੇ ਮ੍ਰਿਤਕ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਇਨ੍ਹਾਂ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।
ਡੀ. ਸੀ. ਪੀ. ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਜ਼ਿਲ੍ਹੇ ਦੀਆਂ ਕਈ ਪੁਲਸ ਟੀਮਾਂ ਨੇ ਦੋਸ਼ੀਆਂ ਨੂੰ ਫੜ੍ਹਨ ਲਈ ਛਾਣਬੀਣ ਕੀਤੀ। ਵਾਰਦਾਤ ਤੋਂ ਕੁੱਝ ਘੰਟਿਆਂ ਬਾਅਦ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੌਜਵਾਨਾਂ ਨੇ ਵਾਰਦਾਤ ਕਰਨ ਦੀ ਗੱਲ ਨੂੰ ਸਵੀਕਾਰ ਕੀਤਾ ਹੈ।


Related News