ਜੰਮੂ ਤੋਂ 5 ਹਜ਼ਾਰ ਤੋਂ ਵਧੇਰੇ ਸ਼ਰਧਾਲੂਆਂ ਦਾ ਜੱਥਾ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਰਵਾਨਾ
Thursday, Jul 14, 2022 - 01:15 PM (IST)
ਜੰਮੂ- ਸਖ਼ਤ ਸੁਰੱਖਿਆ ਦਰਮਿਆਨ, 5,449 ਸ਼ਰਧਾਲੂਆਂ ਦਾ 15ਵਾਂ ਜੱਥਾ ਵੀਰਵਾਰ ਸਵੇਰੇ ਦੱਖਣੀ ਕਸ਼ਮੀਰ ’ਚ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 5,449 ਸ਼ਰਧਾਲੂ ਭਗਵਤੀ ਨਗਰ ਯਾਤਰੀ ਨਿਵਾਸ ਤੋਂ 201 ਵਾਹਨਾਂ ’ਚ ਰਵਾਨਾ ਹੋਏ। ਇਨ੍ਹਾਂ ਸ਼ਰਧਾਲੂਆਂ ’ਚੋਂ 1,666 ਪੁਰਸ਼, 536 ਔਰਤਾਂ, 43 ਬੱਚੇ 61 ਵਾਹਨਾਂ ’ਚ ਸਵਾਰ ਹੋ ਕੇ ਤੜਕੇ 3:20 ਵਜੇ ਬਾਲਟਾਲ ਬੇਸ ਕੈਂਪ ਲਈ ਸਭ ਤੋਂ ਪਹਿਲਾਂ ਰਵਾਨਾ ਹੋਏ। ਇਸ ਤੋਂ ਬਾਅਦ 3,783 ਸ਼ਰਧਾਲੂ 140 ਵਾਹਨਾਂ ’ਚ ਸਵੇਰੇ 4:20 ਵਜੇ ਪਹਿਲਗਾਮ ਲਈ ਰਵਾਨਾ ਹੋਏ, ਜਿਨ੍ਹਾਂ ’ਚ 702 ਔਰਤਾਂ, 103 ਸਾਧੂ ਅਤੇ 54 ਬੱਚੇ ਹਨ।
ਜ਼ਿਕਰਯੋਗ ਹੈ ਕਿ 8 ਜੁਲਾਈ ਨੂੰ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਕਾਰਨ ਆਏ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਐਤਵਾਰ ਨੂੰ ਯਾਤਰਾ ਮੁਲਤਵੀ ਕਰ ਦਿੱਤੀ ਗਈ ਅਤੇ ਸੋਮਵਾਰ ਨੂੰ ਯਾਤਰਾ ਮੁੜ ਸ਼ੁਰੂ ਕੀਤੀ ਗਈ।
ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 43 ਦਿਨਾਂ ਦੀ ਸਾਲਾਨਾ ਯਾਤਰਾ 30 ਜੂਨ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ ਰਵਾਇਤੀ 48 ਕਿਲੋਮੀਟਰ ਲੰਬੇ ਨੁਨਵਾਨ ਮਾਰਗ ਅਤੇ ਮੱਧ ਕਸ਼ਮੀਰ ਦੇ ਗਾਂਦੇਰਬਲ ’ਚ 14 ਕਿਲੋਮੀਟਰ ਲੰਬੇ ਬਾਲਟਾਲ ਮਾਰਗ ਰਾਹੀਂ ਸ਼ੁਰੂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 1.45 ਲੱਖ ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ’ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਮਰਨਾਥ ਯਾਤਰਾ ਰੱਖੜੀ ਵਾਲੇ ਦਿਨ 11 ਅਗਸਤ ਨੂੰ ਸਮਾਪਤ ਹੋਵੇਗੀ।