ਯੂਕ੍ਰੇਨ ''ਚ ਫਸੇ 470 ਭਾਰਤੀ ਵਿਦਿਆਰਥੀ ਬੱਸ ਰਾਹੀਂ ਰੋਮਾਨੀਆ ਪਹੁੰਚੇ
Saturday, Feb 26, 2022 - 12:10 AM (IST)
ਕੀਵ/ਨਵੀਂ ਦਿੱਲੀ-ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਯੁੱਧ ਪ੍ਰਭਾਵਿਦ ਯੂਕ੍ਰੇਨ 'ਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਰੋਮਾਨੀਆ ਦੇ ਰਸਤੇ ਯੂਕ੍ਰੇਨ ਤੋਂ ਬਾਹਰ ਕੱਢਿਆ ਜਾਵੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਨਿਊਜ਼ ਏਜੰਸੀ ਏ.ਐੱਨ.ਆਈ. ਨੇ ਰਿਪੋਰਟ ਕੀਤੀ ਕਿ 470 ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਬੈਚ ਸੁਸੇਵਾ ਬਾਰਡਰ ਕ੍ਰਾਸਿੰਗ ਰਾਹੀਂ ਰੋਮਾਨੀਆ ਪਹੁੰਚ ਗਿਆ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਸੁਸੇਵਾ 'ਚ ਸਾਡੀ ਟੀਮ ਵਿਦਿਆਰਥੀਆਂ ਨੂੰ ਇਥੋਂ ਬੁਖ਼ਾਰੈਸਟ ਲੈ ਕੇ ਜਾਵੇਗੀ।
ਇਹ ਵੀ ਪੜ੍ਹੋ : Russia-Ukraine War: ਰੂਸ ਨੇ ਫੇਸਬੁੱਕ ਦੀ ਵਰਤੋਂ 'ਤੇ ਲਾਈ 'ਅੰਸ਼ਿਕ ਪਾਬੰਦੀ'
ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਰੋਮਾਨੀਆ ਦੀ ਰਾਜਧਾਨੀ ਬੁਖ਼ਾਰੈਸਟ ਲਈ ਦੋ ਉਡਾਣਾਂ ਸੰਚਾਲਿਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੜਕ ਮਾਰਗ ਰਾਹੀਂ ਯੂਕ੍ਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚਣ ਵਾਲੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖ਼ਾਰੈਸਟ ਲੈ ਕੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਦੋ ਉਡਾਣਾਂ ਰਾਹੀਂ ਵਾਪਸ ਲਿਆਇਆ ਜਾ ਸਕੇ। ਯੂਕ੍ਰੇਨ ਨੇ ਵੀਰਵਾਰ ਸਵੇਰੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇਸ ਲਈ ਭਾਰਤ ਨੂੰ ਰੋਮਾਨੀਆ ਦੇ ਰਸਤੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣਾ ਪਿਆ ਹੈ।
ਇਹ ਵੀ ਪੜ੍ਹੋ : Russia-Ukraine War: ਰੂਸ ਨੇ ਵੀ ਲਿਆ ਬਦਲਾ, ਬ੍ਰਿਟਿਸ਼ ਉਡਾਣਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।