ਧੁੰਦ ਕਾਰਨ ਢਾਈ ਮਹੀਨਿਆਂ ਲਈ 46 ਟਰੇਨਾਂ ਰੱਦ
Tuesday, Nov 28, 2017 - 01:49 AM (IST)

ਨਵੀਂ ਦਿੱਲੀ— ਧੁੰਦ ਕਾਰਨ ਦੇਸ਼ ਭਰ 'ਚ ਆਵਾਜਾਈ ਦੇ ਸਾਧਨਾਂ ਦੀ ਜਿਥੇ ਰਫਤਾਰ ਘਟੀ ਹੋਈ ਹੈ, ਉਥੇ ਹੀ ਕਈ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਜੇਕਰ ਤੁਸੀਂ 1 ਦਸੰਬਰ ਤੋਂ 13 ਫਰਵਰੀ ਵਿਚਾਲੇ ਟਰੇਨ ਯਾਤਰਾ ਕਰਨ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਬੁਰੀ ਖਬਰ ਹੈ। ਭਾਰਤੀ ਰੇਲਵੇ ਕੋਲ ਧੁੰਦ ਨਾਲ ਨਜਿੱਠਣ ਦਾ ਕੋਈ ਰਾਸਤਾ ਨਹੀਂ ਹੈ, ਜਿਸ ਕਾਰਨ ਉਸ ਨੂੰ ਕਈ ਟਰੇਨਾਂ ਰੱਦ ਕਰਨੀਆਂ ਪੈ ਰਹੀਆਂ ਹਨ। ਭਾਰਤੀ ਰੇਲ ਨੇ ਪੂਰੇ ਢਾਈ ਮਹੀਨੇ ਲਈ 46 ਟਰੇਨਾਂ ਨੂੰ ਰੱਦ ਕੀਤਾ ਹੈ। ਧੁੰਦ ਕਾਰਨ ਰੱਦ ਕੀਤੀਆਂ ਗਈਆਂ ਟਰੇਨਾਂ 'ਚ ਜ਼ਿਆਦਾਤਰ ਗੱਡੀਆਂ ਐਕਸਪ੍ਰੈੱਸ ਹਨ। 46 'ਚੋਂ 32 ਗੱਡੀਆਂ ਰੋਜ਼ਾਨਾ ਚੱਲਦੀਆਂ ਹਨ। ਇਨ੍ਹਾਂ 'ਚ ਆਗਰਾ ਨਵੀਂ ਦਿੱਲੀ ਇੰਟਰਸਿਟੀ, ਫੈਜਾਬਾਦ-ਕਾਨਪੁਰ ਐਕਸਪ੍ਰੈੱਸ, ਸ਼ਹੀਦ ਐਕਸਪ੍ਰੈੱਸ, ਸਤਿਆਗ੍ਰਹਿ ਐਕਸਪ੍ਰੈੱਸ, ਜੈਪੁਰ-ਚੰਡੀਗੜ੍ਹ ਅਤੇ ਲਖਨਊ-ਆਗਰਾ ਇੰਟਰਸਿਟੀ ਆਦਿ ਟਰੇਨਾਂ ਸ਼ਾਮਲ ਹਨ।
ਇਨ੍ਹੀਂ ਦਿਨੀਂ 16 ਜੋੜੀ ਟਰੇਨਾਂ ਦੀ ਫ੍ਰੀਕਿਊਂਸੀ ਵੀ ਘੱਟ ਕੀਤੀ ਗਈ ਹੈ। ਜਨਸ਼ਤਾਬਦੀ, ਸਮਪੂਰਣ ਕ੍ਰਾਂਤੀ, ਮਹਾਬੋਧੀ, ਕੇਵੀ ਐਕਸਪ੍ਰੈੱਸ, ਫਰੱਕਾ, ਜਨਨਾਇਕ, ਸ਼੍ਰੀਧਾਮ ਐਕਸਪ੍ਰੈੱਸ ਆਦਿ ਦੇ ਫੇਰੇ ਹਫਤੇ 'ਚ ਇਕ ਤੋਂ ਤਿੰਨ ਤਕ ਘੱਟ ਕੀਤੇ ਗਏ ਹਨ, ਜੋ ਗੱਡੀਆਂ ਰੋਜ਼ਾਨਾ ਚੱਲਦੀਆਂ ਹਨ, ਉਨ੍ਹਾਂ ਨੂੰ ਹਫਤੇ 'ਚ 3-4 ਦਿਨ ਤਕ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਫਤੇ 'ਚ 3-4 ਦਿਨ ਚੱਲਣ ਵਾਲੀਆਂ 4 ਜੋੜੀ ਟਰੇਨਾਂ, ਕੋਟਾ-ਪਟਨਾ ਐਕਸਪ੍ਰੈੱਸ ਗੱਡੀਆਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਹਨ।