ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ, ਤਿੰਨ ਬੱਚਿਆਂ ਸਰੋਂ ਉਠਿਆ ਪਿਓ ਦਾ ਹੱਥ
Tuesday, Jul 29, 2025 - 11:41 AM (IST)

ਦੋਦਾ (ਲਖਵੀਰ) : ਪਿੰਡ ਕੋਟਲੀ ਦੇ ਕੋਠੇ ਢਾਬਾਂ ਵਾਲੇ ਵਿਖੇ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਪ੍ਰੀਤ ਸਿੰਘ ਉਰਫ ਜੱਸੀ (41) ਪੁੱਤਰ ਆਤਮਾ ਸਿੰਘ ਦੇ ਭਰਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਖੇਤ ਝੋਨੇ ਨੂੰ ਪਾਣੀ ਲਾਉਣ ਗਿਆ ਸੀ ਅਤੇ ਟਿਊਬਵੈੱਲ ਦੀ ਮੋਟਰ ਚਲਾਉਂਦੇ ਸਮੇਂ ਸਟਾਰਟਰ ਤੋਂ ਕਰੰਟ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ।
ਪਤਾ ਲੱਗਣ ’ਤੇ ਉਨ੍ਹਾਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਗਿੱਦੜਬਾਹਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਪੁੱਤਰ ਅਤੇ ਧੀ ਛੱਡ ਗਿਆ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਗਰੀਬ ਕਿਸਾਨ ਦੇ ਪਰਿਵਾਰ ਲਈ ਮਦਦ ਦੀ ਗੁਹਾਰ ਲਗਾਈ ਹੈ।