ਨਾਭਾ ਜੇਲ੍ਹ ਸੁਪਰੀਡੈਂਟ ਨੂੰ ਕਾਰਨ ਦੱਸੋ ਨੋਟਿਸ, ਅਦਾਲਤ ’ਚ ਪੇਸ਼ ਹੋ ਕੇ ਰਿਪੋਰਟ ਦੇਣ ਦੇ ਹੁਕਮ
Friday, Aug 01, 2025 - 12:59 PM (IST)

ਮੋਹਾਲੀ (ਜੱਸੀ) : ਐੱਸ. ਟੀ. ਐੱਫ. ਵੱਲੋਂ 6 ਹਜ਼ਾਰ ਨਸ਼ੀਲੀ ਗੋਲੀਆਂ ਦੀ ਬਰਾਮਦਗੀ ਮਾਮਲੇ ’ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਨਾਭਾ ਜੇਲ੍ਹ ਦੇ ਸੁਪਰੀਡੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਗੰਭੀਰ ਰਵੱਈਆ ਅਪਣਾਉਂਦਿਆਂ ਕਿਹਾ ਕਿ ਧਾਰਾ 313 ਸੀ. ਆਰ. ਪੀ. ਸੀ. ਤਹਿਤ ਮੁਲਜ਼ਮ ਦਾ ਦਸਤਖ਼ਤਸ਼ੁਦਾ ਤੇ ਤਸਦੀਕਸ਼ੁਦਾ ਬਿਆਨ ਹਾਲੇ ਤੱਕ ਪੇਸ਼ ਨਹੀਂ ਹੋਇਆ, ਜਦਕਿ ਇਸ ਸਬੰਧੀ ਕਈ ਵਾਰ ਹੁਕਮ ਜਾਰੀ ਹੋ ਚੁੱਕੇ ਹਨ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਜੇਲ੍ਹ ਸੁਪਰੀਡੈਂਟ 7 ਅਗਸਤ ਤੱਕ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋਣ ਤੇ ਸਾਰੀ ਰਿਪੋਰਟ ਪੇਸ਼ ਕਰਨ।
ਅਦਾਲਤ ਦਾ ਸਖ਼ਤ ਰਵੱਈਆ
ਜੱਜ ਨੇ ਸਖ਼ਤ ਲਹਿਜ਼ੇ ’ਚ ਪੁੱਛਿਆ ਕਿ ਇਸ ਸਾਲ ਪਹਿਲੀ ਫਰਵਰੀ ਨੂੰ ਵੀ. ਸੀ. ਰਾਹੀਂ ਦਰਜ ਕੀਤਾ ਗਿਆ ਮੁਲਜ਼ਮ ਗੁਰਜੀਤ ਸਿੰਘ ਉਰਫ਼ ਜੀਤੀ ਦਾ ਬਿਆਨ, ਜਿਸ ਦਾ ਪ੍ਰਿੰਟਆਊਟ ਲੈ ਕੇ ਹਰ ਪੰਨੇ ’ਤੇ ਦਸਤਖ਼ਤ ਕਰਵਾ ਕੇ ਰਜਿਸਟਰਡ ਕਵਰ ਹੇਠ ਅਦਾਲਤ ਨੂੰ ਭੇਜਣ ਦਾ ਹੁਕਮ ਸੀ, ਉਹ ਅਜੇ ਤੱਕ ਕਿਉਂ ਨਹੀਂ ਭੇਜਿਆ ਗਿਆ? ਜੱਜ ਨੇ ਸਪੱਸ਼ਟ ਕੀਤਾ ਕਿ ਹੁਕਮਾਂ ਦੀ ਪਾਲਣਾ ਨਾ ਕਰਨਾ ਅਦਾਲਤੀ ਕਾਰਵਾਈ ’ਚ ਰੁਕਾਵਟ ਪੈਦਾ ਕਰਨ ਦੇ ਬਰਾਬਰ ਹੈ। ਇਸ ਲਈ ਜੇਲ੍ਹ ਸੁਪਰਡੈਂਟ ਨੂੰ ਕਾਰਨ-ਦੱਸੋ ਨੋਟਿਸ ਜਾਰੀ ਕਰਕੇ ਨਿੱਜੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਗਈ ਹੈ।
ਇਹ ਹੈ ਮਾਮਲਾ
ਜਾਣਕਾਰੀ ਮੁਤਾਬਕ ਐੱਸ.ਟੀ.ਐੱਫ. ਵੱਲੋਂ ਗੁਰਜੀਤ ਸਿੰਘ ਉਰਫ਼ ਜੀਤੀ ਵਾਸੀ ਪਿੰਡ ਬਡਾਲੀ ਜ਼ਿਲ੍ਹਾ ਰੋਪੜ ਨੂੰ 28 ਨਵੰਬਰ 2021 ਨੂੰ ਲੋਮੋਟਿਲ ਦੀਆਂ 6000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਫ.ਐੱਸ.ਐੱਲ. ਦੀ ਰਿਪੋਰਟ ਮੁਤਾਬਕ ਗੋਲੀਆਂ ਦੇ ਨਮੂਨਿਆਂ ਦੀ ਸਮੱਗਰੀ ਡਾਈਫੇਨੋਕਸੀਲੇਟ ਹਾਈਡਰੋਕਲੋਰਾਈਡ ਪਾਈ ਗਈ ਸੀ। ਇਸ ਮਾਮਲੇ ’ਚ ਮੁਲਜ਼ਮ ਜੀਤੀ ਤੋਂ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਵਪਾਰਕ ਮਾਤਰਾ ਦੀ ਸ਼੍ਰੇਣੀ ’ਚ ਆਉਂਦੀਆਂ ਹਨ।